ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਗਾਈਡਲਾਈਨਜ਼ ਮੁਤਾਬਕ ਪੰਜਾਬ 'ਚ ਸ਼ਾਮ ਸਾਢੇ 6 ਵਜੇ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣ ਅਤੇ ਇਨ੍ਹਾਂ ਨਿਰਦੇਸ਼ਾਂ ਨੂੰ ਸੂਬੇ ਭਰ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਹਾਲਾਂਕਿ ਪੇਂਡੂ ਖੇਤਰਾਂ ਵਿੱਚ ਠੇਕੇ ਰਾਤ ਦੇ 10 ਵਜੇ ਤੱਕ ਖੁੱਲੇ ਰਹਿਣਗੇ। ਇਹ ਨਿਰਦੇਸ਼ 31 ਅਗਸਤ ਤੱਕ ਲਾਗੂ ਰਹਿਣਗੇ, ਉਸ ਤੋਂ ਬਾਅਦ ਸਥਿਤੀ ਮੁਤਾਬਕ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।
ਕੈਪਟਨ ਵੱਲੋਂ ਇਹ ਨਿਰਦੇਸ਼ ਸੂਬੇ ਵਿੱਚ ਵਧਦੇ ਕੋਰੋਨਾ ਦੇ ਕਹਿਰ ਦੇ ਮੱਦੇਨਜ਼ਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਹੋਰ ਵੱਧਣ ਦੇ ਅਨੁਮਾਨ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਨਾਲ 1200 ਤੋਂ ਵੱਧ ਮੌਤਾਂ ਹੋਈਆਂ ਹਨ। ਕੋਰੋਨਾ ਮਾਮਲਿਆਂ ਦਾ ਅੰਕੜਾ ਵੀ 46 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੌਰਾਨ ਉਨ੍ਹਾਂ ਨੇ ਬੱਸਾਂ 'ਚ ਸਿਰਫ 50 ਫ਼ੀਸਦੀ ਸਵਾਰੀਆਂ ਨੂੰ ਮਨਜ਼ੂਰੀ ਤੇ ਇਕੱਠ 'ਤੇ ਪਾਬੰਦੀ ਲਗਾਈ ਹੈ।