ਚੰਡੀਗੜ੍ਹ: (ਨੀਰਜ) ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਲਈ ਸੂਬੇ ਦੇ ਆਗੂਆਂ ਤੇ ਕੇਂਦਰੀ ਅਗਵਾਈ 'ਚ ਲੰਬੀ ਚਰਚਾ ਚੱਲੀ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੰਤਰੀ ਮੰਡਲ ਦੀ ਫਾਈਨਲ ਲਿਸਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਬ੍ਰਹਮ ਮਹਿੰਦਰਾ, ਰਾਣਾ ਗੁਰਜੀਤ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਡਾ. ਰਾਜ ਕੁਮਾਰ ਵੇਰਕਾ, ਭਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਗੁਰਕੀਰਤ ਕੋਟਲੀ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਕਾਕਾ ਰਣਦੀਪ ਸਿੰਘ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਆਦਿ ਦੇ ਨਾਂਅ ਫਾਈਨਲ ਹੋ ਗਏ ਹਨ।
ਦੁਪਹਿਰ ਬਾਅਦ ਹੋ ਸਕਦੈ ਕੈਬਨਿਟ ਦਾ ਐਲਾਨ : ਸੂਤਰ
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਸ਼ਾਮਲ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਚੰਨੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਬਾਅਦ ਕੈਬਨਿਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ। ਕੈਪਟਨ ਖੇਮੇ ਦੇ ਜੋ ਲੋਕ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ ਉਨ੍ਹਾਂ ਵਿੱਚ ਬ੍ਰਹਮ ਮਹਿੰਦਰਾ, ਭਰਤ ਭੂਸ਼ਣ ਆਸ਼ੂ, ਵਿਜੈ ਇੰਦਰਾ ਸਿੰਗਲਾ ਦੇ ਨਾਂਅ ਹੋਣਗੇ।
6 ਦਿਨ ਬੀਤ ਜਾਣ ਮਗਰੋਂ ਵੀ ਪੰਜਾਬ ਕੈਬਨਿਟ ਦਾ ਨਹੀਂ ਹੋਇਆ ਐਲਾਨ
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਲ ਰਾਤ ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਦਿੱਲੀ ਬੁਲਾਇਆ ਸੀ, ਜਿੱਥੇ ਲੰਮੀ ਮੀਟਿੰਗ ਤੋਂ ਬਾਅਦ ਰਾਤ ਤਕਰੀਬਨ 11 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਪਸ ਮੁੜੇ। ਪੰਜਾਬ ਵਿਚ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਬਣਾਏ ਨੂੰ 6 ਦਿਨ ਬੀਤ ਗਏ ਹਨ ਪਰ ਅਜੇ ਤੱਕ ਨਵੀਂ ਕੈਬਨਿਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਕਾਂਗਰਸ ਹਾਈ ਕਮਾਨ ਅਜੇ ਤੱਕ ਫੈਸਲਾ ਨਹੀਂ ਲੈ ਪਾ ਰਹੀ ਹੈ ਕਿ ਕਿਸ ਨੂੰ ਮੰਤਰੀ ਮੰਡਲ ਵਿਚ ਰੱਖਿਆ ਜਾਵੇ ਅਤੇ ਕਿਸ ਨੂੰ ਬਾਹਰ ਕੀਤਾ ਜਾਵੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਤੇਵਰਾਂ ਕਾਰਣ ਕਾਂਗਰਸ ਹਾਈ ਕਮਾਨ ਦੁੱਚਿੱਤੀ ਵਿਚ ਹੈ ਕਿ ਜੇਕਰ ਕੈਪਟਨ ਦੇ ਸਹਿਯੋਗੀਆਂ ਨੂੰਕੈਬਨਿਟ ਵਿਚੋਂ ਬਾਹਰ ਕਰ ਦਿੱਤਾ ਗਿਆ ਤਾਂ ਉਹ ਵੀ ਕੈਪਟਨ ਦੇ ਨਾਲ ਹੀ ਨਾ ਹੋ ਜਾਣ।
ਰਾਜਪਾਲ ਨੂੰ ਮਿਲਣ ਦਾ ਸੀ.ਐੱਮ. ਨੇ ਮੰਗਿਆ ਸਮਾਂ
ਜਾਣਕਾਰੀ ਮੁਤਾਬਕ ਅੱਜ ਦੁਪਹਿਰ ਬਾਅਦ ਕੈਬਨਿਟ ਮੰਤਰੀਆਂ ਦੀ ਲਿਸਟ ਆ ਸਕਦੀ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰਾਜਪਾਲ ਨੂੰ ਮਿਲਣ ਲਈ 12-30 ਦਾ ਸਮਾਂ ਮੰਗਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਵਲੋਂ ਕਈ ਨਾਵਾਂ 'ਤੇ ਮੰਥਨ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੀ ਅੱਜ ਸਹੁੰ ਚੁੱਕੇ ਨੂੰ 6 ਦਿਨ ਬੀਤ ਗਏ ਹਨ। ਪਰ ਹਾਲੇ ਤੱਕ ਕਾਂਗਰਸ ਹਾਈ ਕਮਾਨ ਵਲੋਂ ਕਈ ਨਾਵਾਂ 'ਤੇ ਚਰਚਾ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਮਗਰੋਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ 3 ਵਾਰ ਦਿੱਲੀ ਬੁਲਾਇਆ ਗਿਆ ਅਤੇ ਬੇਇਜ਼ੱਤ ਕੀਤਾ ਗਿਆ। ਕਾਂਗਰਸ ਹਾਈ ਕਮਾਨ ਇਕ ਵਾਰ ਵਿਚ ਫੈਸਲਾ ਨਹੀਂ ਲੈ ਸਕੀ। ਹੁਣ ਚੰਨੀ ਨੂੰ ਵੀ 2 ਵਾਰ ਬੁਲਾਇਆ ਗਿਆ। ਸੀ.ਐਮ. ਬਣਨ ਤੋਂ ਬਾਅਦ ਉਹ ਤਿੰਨ ਵਾਰ ਦਿੱਲੀ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਨਿਕਲਿਆ।
ਭਾਜਪਾ ਨੇ ਤਾਂ 3 ਸੀ.ਐਮ. ਬਦਲ ਦਿੱਤੇ ਪਰ ਕੋਈ ਵਿਰੋਧੀ ਸੁਰ ਨਹੀਂ ਉਠੀ
ਭਾਜਪਾ ਨੇ ਉੱਤਰਾਖੰਡ ਵਿਚ 3 ਸੀ.ਐੱਮ. ਬਦਲੇ ਕੋਈ ਵਿਰੋਧੀ ਸੁਰ ਨਹੀਂ ਉੱਠੀ। ਗੁਜਰਾਤ ਵਿਚ ਪੂਰੀ ਦੀ ਪੂਰੀ ਕੈਬਨਿਟ ਬਦਲ ਦਿੱਤੀ ਗਈ ਕੋਈ ਵਿਰੋਧੀ ਸੁਰ ਨਹੀਂ ਨਿਕਲੇ। ਕਾਂਗਰਸ ਨੇ ਪੰਜਾਬ ਵਿਚ ਦਾਅ ਤਾਂ ਖੇਡਿਆ ਪਰ ਅਜੇ ਤੱਕ ਪਾਰੀ ਪੂਰੀ ਨਹੀਂ ਹੋਈ। ਕੈਪਟਨ ਖੇਮੇ ਦੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਥਾਂ ਦਿੱਤੀ ਜਾਵੇ ਜਾਂ ਨਾਂ, ਜੇ ਥਾਂ ਨਹੀਂ ਦਿੱਤੀ ਜਾਂਦੀ ਤਾਂ ਬਗਾਵਤ ਤਗੜੀ ਹੋਵੇਗੀ ਅਤੇ ਜੇਕਰ ਥਾਂ ਦਿੱਤੀ ਜਾਂਦੀ ਹੈ ਤਾਂ ਸਿੱਧੂ ਖੇਮੇ ਨੂੰ ਹਾਈ ਕਮਾਨ ਸੰਤੁਸ਼ਟ ਕਰ ਸਕੇਗੀ। ਹੁਣ ਕਿਤੇ ਨਾ ਕਿਤੇ ਹਾਈ ਕਮਾਨ ਵੀ ਸ਼ਸ਼ੋਪੰਜ ਦੀ ਸਥਿਤੀ ਵਿਚ ਹੈ?
ਇਹ ਵੀ ਪੜ੍ਹੋ- ਪਤੀ ਦੇ ਖਿਲਾਫ ਝੂਠੀ ਸ਼ਿਕਾਇਤ ਕਰਨਾ ਪਤਨੀ ਨੂੰ ਪੈ ਸਕਦਾ ਹੈ ਭਾਰੀ