ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਚੁੱਕਾ ਹੈ। ਖਜਾਣਾ ਮੰਤਰੀ ਮਨਪ੍ਰੀਤ ਬਾਦਲ 28 ਫਰਵਰੀ ਨੂੰ ਸਾਲ 2020-21 ਲਈ ਬਜਟ ਪੇਸ਼ ਕਰਨਗੇ। ਬਜਟ ਇਜਲਾਸ 'ਚ ਵਿਰੋਧੀ ਪਾਰਟੀਆਂ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਣ ਦੀ ਤਿਆਰੀ ਖਿੱਚ ਚੁੱਕੀਆਂ ਹਨ। ਸਦਨ 'ਚ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਢਿੱਲੋਂ ਨੇ ਕੈਪਟਨ ਸਰਕਾਰ ਦੀ 3 ਸਾਲਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਸਰਕਾਰ ਦੇ ਵਾਅਦਿਆਂ ਦੀ ਜੇਕਰ ਗੱਲ ਕਰਨੀ ਹੈ ਤਾਂ ਸਾਲ 2019 ਤੋਂ ਨਹੀਂ ਸਾਲ 2017 ਤੋਂ ਕੀਤੀ ਜਾਣੀ ਚਾਹੀਦੀ ਹੈ, ਜਦੋਂ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਹੀ ਪੂਰੇ ਨਹੀਂ ਕੀਤੇ ਗਏ ਤਾਂ ਬਜਟ ਦੇ ਵਾਅਦਿਆਂ ਦਾ ਕੀ ਤੁਕ ਰਹਿ ਜਾਂਦਾ ਹੈ? ਉਨ੍ਹਾਂ ਕਿਹਾ ਸਰਕਾਰ ਬਿਜਲੀ ਦੀਆਂ ਦਰਾਂ ਘਟਾਉਣ ਦੀ ਬਜਾਏ ਵਧਾਈ ਜਾ ਰਹੀ ਹੈ ਜਦਕਿ ਅਕਾਲੀ ਸਰਕਾਰ ਸਾਢੇ ਪੰਜ ਰੁਪਏ ਬਿਜਲੀ ਦਿੰਦੀ ਰਹੀ ਹੈ ਅਤੇ ਉਨ੍ਹਾਂ ਸਮਝੌਤਿਆਂ ਦੇ ਨਾਲ ਹੀ ਅਕਾਲੀ ਸਰਕਾਰ ਵੱਲੋਂ ਵੀ ਬਿਜਲੀ ਦੇ ਰੇਟ ਜਦੋਂ ਨਹੀਂ ਵਧਾਏ ਗਏ ਤਾਂ ਕਾਂਗਰਸ ਨੂੰ ਕਿਉਂ ਵਧਾਉਣੀ ਪਈ। ਉਨ੍ਹਾਂ ਕਿਹਾ ਹਜ਼ਾਰਾਂ ਕਿਸਾਨ ਖ਼ੁਦਕੁਸ਼ੀ ਕਰ ਰਹੇ ਨੇ ਕਿਉਂਕਿ ਕਰਜ਼ ਮਾਫ਼ੀ ਦੀ ਗੱਲ ਕਾਂਗਰਸ ਦੇ ਵੱਲੋਂ ਕੀਤੀ ਗਈ ਸੀ, ਜੋ ਕਿ ਪੂਰੇ ਨਹੀਂ ਕੀਤੀ ਗਈ। ਅੱਜ ਕਿਸਾਨ ਨੂੰ ਲੱਗਦਾ ਹੈ ਕਿ ਜੇਕਰ ਉਹ ਖੁਦਕੁਸ਼ੀ ਕਰ ਲਵੇਗਾ ਤਾਂ ਉਸ ਦਾ ਕਰਜ਼ਾ ਵੀ ਮੁਆਫ਼ ਹੋ ਜਾਵੇਗਾ ਅਤੇ 10 ਲੱਖ ਰੁਪਏ ਵੀ ਸਰਕਾਰ ਦੇ ਦੇਵੇਗੀ ਤੇ ਕਰਜ਼ਾ ਵੀ ਮਾਫ ਹੋ ਜਾਵੇਗਾ।
ਇਹ ਵੀ ਪੜ੍ਹੋ: ਬਜਟ ਇਜਲਾਸ ਦੇ ਪਹਿਲੇ ਹੀ ਦਿਨ ਅਕਾਲੀ ਦਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਵੀ ਕੀਤੀ ਸੀ, ਕਾਗਜ਼ਾਂ 'ਤੇ ਨੌਕਰੀ ਦੇਣ ਨਾਲ ਕੁਝ ਨਹੀਂ ਹੁੰਦਾ, ਸਰਕਾਰ ਅੰਕੜੇ ਦਰਸਾਏ ਕਿ ਕਿੱਥੇ ਨੌਜਵਾਨਾਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ कि ਸਰਕਾਰ ਸਿਰਫ ਜਨਤਾ ਨੂੰ ਵਰਗਲਾਉਣ ਦਾ ਕੰਮ ਕਰ ਰਹੀ ਹੈ, ਪਰ ਜਨਤਾ ਹੁਣ ਸਰਕਾਰ ਦੇ ਝਾਂਸੇ ਵਿੱਚ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਖ਼ਜ਼ਾਨਾ ਖਾਲੀ ਕਹਿ ਦੇਣ ਨਾਲ ਬਜਟ ਸੈਸ਼ਨ ਦੇ ਵਿੱਚ ਸਰਕਾਰ ਕੀ ਰੱਖ ਲਏਗੀ, ਅਸੀਂ ਹਰ ਪੱਖ ਦੇ ਨਾਲ ਸਰਕਾਰ ਨੂੰ ਘੇਰਨ ਦੇ ਲਈ ਤਿਆਰ ਹਾਂ।