ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਜਪਾ ਪਾਰਟੀ ਦੀ ਪੰਜਾਬ ਇਕਾਈ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਭਾਜਪਾ ਆਗੂਆਂ ਦੀ ਵੱਖ-ਵੱਖ ਬਿਆਨਬਾਜ਼ੀ ਨੂੰ ਲੈ ਕੇ ਵੀ ਹਮਲਾ ਬੋਲਿਆ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਭਾਜਪਾ ਆਪਣੀ ਹਾਈਕਮਾਨ ਨੂੰ ਪੁੱਛੇ ਕਿ ਉਸ ਅਟਲ ਬਿਹਾਰੀ ਵਾਜਪਾਈ ਦੇ ਮੂਲ ਸਿਧਾਂਤ ਕਿਉਂ ਛੱਡ ਦਿੱਤੇ। ਅਕਾਲੀ ਦਲ ਦੇ ਮਾਮਲੇ 'ਚ ਨਫ਼ਰਤ ਭਰੀ ਰਾਜਨੀਤੀ ਕਰ ਕੇ ਗਠਜੋੜ ਧਰਮ ਕਿਉਂ ਨਹੀਂ ਨਿਭਾਇਆ। ਉਨ੍ਹਾਂ ਭਾਜਪਾ ਆਗੂਆਂ 'ਤੇ ਸੂਬੇ ਦੀ ਸ਼ਾਂਤੀ ਭੰਗ ਕਰ ਨਫ਼ਰਤ ਭਰੀ ਰਾਜਨੀਤੀ ਕਰਨ ਦੇ ਦੋਸ਼ ਲਾਏ।
ਅੰਮ੍ਰਿਤਸਰ ਆਧਾਰਿਤ ਕੁੱਝ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਕਿ ਉਹ ਭਾਜਪਾ ਆਗੂ, ਹਾਈਕਮਾਨ ਵੱਲੋਂ ਸੌਂਪੀ ਗਈ ਪਟਕਥਾ ਮੁਤਾਬਕ ਹੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਆਖਿਆ, " ਅਜਿਹਾ ਜਾਪਦਾ ਹੈ ਕਿ ਪੰਜਾਬ ਭਾਜਪਾ ਨੇ ਕਾਂਗਰਸ ਦੀ ਪਾੜੋ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ ਹੈ। ਜਿਸ ਕਾਰਨ ਸੂਬੇ ਦੇ ਹਲਾਤਾਂ 'ਤੇ ਮਾੜਾ ਅਸਰ ਪੈ ਸਕਦਾ ਹੈ। "
ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਖੇਡੀ ਜਾ ਰਹੀ ਖ਼ਤਰਨਾਕ ਖੇਡ ਨੁੰ ਸਮਝਣ। ਇਸ ਦੇ ਤਹਿਤ ਪੰਜਾਬ ਭਾਜਪਾ ਦੇ ਆਗੂ ਇੱਕ ਭਰਾ ਨੂੰ ਦੂਜੇ ਭਰਾ ਖਿਲਾਫ ਲੜਾ ਕੇ ਖ਼ਤਰਨਾਕ ਖੇਡ, ਖੇਡ ਰਹੇ ਹਨ। ਇਹ ਆਗੂ ਸਿੱਖ ਭਰਾ ਨੂੰ ਹਿੰਦੂ ਭਰਾ ਨਾਲ ਲੜਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਦੇਸ਼ ਭਲਾਈ ਦੀ ਗੱਲ ਕਰਿਦਆਂ ਚੰਦੂਮਾਜਰਾ ਨੇ ਕਿਹਾ ਕਿ ਹਿੰਦੂ ਭਾਈਚਾਰੇ ਤੇ ਸਿੱਖ ਭਾਈਚਾਰੇ ਨੂੰ ਵੱਖੋ-ਵੱਖਰੇ ਤੌਰ 'ਤੇ ਧਰੁਵੀਕਰਨ ਕਰਨ ਦੀ ਬਜਾਏ ਸਾਨੂੰ ਦੇਸ਼ ਦੀ ਭਲਾਈ ਵਾਸਤੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਪਹਿਲਾਂ ਹੀ ਕਈ ਦਹਾਕਿਆਂ ਤੱਕ ਪੰਜਾਬ ਨੇ ਇਹ ਸੰਤਾਪ ਹੰਢਾਇਆ ਹੈ। ਸਾਨੂੰ ਸਭ ਨੂੰ ਮੁੜ ਅਜਿਹੇ ਦੌਰ ਦੇ ਨੀਂਹ ਪੱਥਰ ਨਹੀਂ ਰੱਖਣੇ ਚਾਹੀਦੇ ਹਨ।