ਚੰਡੀਗੜ੍ਹ: ਪੰਜਾਬ ਬੀਜੇਪੀ ਕੋਰ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਦੀ ਪ੍ਰਧਾਨਗੀ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਮਨਰੋਜਨ ਕਾਲੀਆ ਸਮੇਤ ਭਾਜਪਾ ਦੇ ਕਈ ਅਧਿਕਾਰੀ ਹਾਜ਼ਰ ਰਹੇ।
ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਇਸ ਬੈਠਕ ਤੋਂ ਬਾਅਦ ਪੰਜਾਬ ਬੀਜੇਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਪਾਰਟੀ ਤੋਂ ਵਿਸ਼ਵਾਸ ਗੁਆਉਂਦੇ ਹੋ ਤਾਂ ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਕਾਂਗਰਸ ਵਿੱਚ ਛੋਟੀ ਸੋਚ ਵਾਲੇ ਲੋਕ ਹਨ, ਉੱਥੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਹਟਾਉਣ ਦੀ ਚਰਚਾ ਚੱਲ ਰਹੀ ਸੀ ਤਾਂ ਉਹ ਆਪਣਾ ਅਸਤੀਫਾ ਲੈ ਕੇ ਦਿੱਲੀ ਚੱਲੇ ਗਏ ਅਤੇ ਸੋਨੀਆ ਜੀ ਨੂੰ ਕਿਹਾ ਪਰ ਉਨ੍ਹਾਂ ਕਿਹਾ ਕਿ ਨਹੀਂ ਅਸੀਂ ਤੁਹਾਡੀ ਅਗਵਾਈ ਵੀ ਚੋਣ ਲੜਨੀ ਹੈ। ਇਸ ਤੋਂ ਬਾਅਦ ਮੇਰੀ ਜਾਣਕਾਰੀ ਤੋਂ ਬਿਨਾਂ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ, ਜਦੋਂ ਮੈਂ ਸੋਨੀਆ ਗਾਂਧੀ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਅਸਤੀਫ਼ਾ ਦੇਣਾ ਪਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਉਹ ਪੀਐਮ ਅਤੇ ਗ੍ਰਹਿ ਮੰਤਰੀ ਨੂੰ ਮਿਲੇ, ਮੈਂ ਸੀਐਮ ਦੇ ਤੌਰ 'ਤੇ ਉਨ੍ਹਾਂ ਨੂੰ ਲਗਾਤਾਰ ਮਿਲਦਾ ਰਿਹਾ, ਕਿਉਂਕਿ ਇਹ ਸਾਡਾ ਸਰਹੱਦੀ ਸੂਬਾ ਹੈ, ਸੁਰੱਖਿਆ ਬਾਰੇ ਗੱਲ ਕਰਨਾ ਸਾਡਾ ਫਰਜ਼ ਸੀ, ਇਸ ਨੂੰ ਵੀ ਮੁੱਦਾ ਬਣਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੀਐੱਮ ਅਤੇ ਭਾਜਾ ਲੀਡਰਸ਼ਿਪ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਰਹਿ ਕੇ ਕੰਮ ਕਰਨਗੇ। ਇਸ ਤੋਂ ਬਾਅਦ ਉਹ ਵਿਦੇਸ਼ ਚੱਲੇ ਗਏ ਅਤੇ ਵਾਪਸ ਆ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਸੀਐੱਮ 6 ਮਹੀਨੇ ਬਾਅਦ ਇੱਕ ਭਰੋਸਾ ਮਤਾ ਲਿਆਉਣ ਦੀ ਗੱਲ ਕਰੇ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਇੱਥੇ ਰਾਘਵ ਚੱਢਾ ਬੈਠ ਕੇ ਸੀਐੱਮ ਦੇ ਕੰਮ ਕਰ ਰਿਹਾ ਹੈ। ਦਿੱਲੀ ਜਾ ਕੇ ਕੇਜਰੀਵਾਲ ਕੋਲੋਂ ਪੁੱਛਦਾ ਹੈ ਕੀ ਕਰਨਾ ਹੈ। ਪੰਜਾਬ ਦਾ ਸੀਐੱਮ ਜਰਮਨੀ ਜਾ ਕੇ ਕੀ ਕਰਕੇ ਆਇਆ ਸਭ ਨੂੰ ਪਤਾ ਹੈ।
ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਕੱਲ੍ਹ ਪੈਰਲਲ ਵਿਧਾਨ ਸਭਾ ਚਲਾਵਾਂਗੇ। ਇਸ ਵਿੱਚ ਭਾਜਪਾ ਦੇ ਸਾਰੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਮੌਜੂਦਾ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ। ਪਰ ਪਿਛਲੇ 15 ਦਿਨਾਂ ਤੋਂ ਭੰਬਲਭੂਸਾ ਅਤੇ ਝੂਠ ਫੈਲਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਾਲਿਆਂ ਨੇ ਇੱਥੇ ਡਰਾਮੇਬਾਜ਼ੀ ਕੀਤੀ ਹੈ, ਇਹ ਅਪਰੇਸ਼ਨ ਲੋਟਸ ਹੈ, ਅਪਰੇਸ਼ਨ ਮਾਨ ਹਟਾਓ ਨਹੀਂ। ਨਾਲ ਹੀ ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਦਨ ਦੀ ਵਰਤੋਂ ਸਿਆਸੀ ਬਦਨਾਮੀ ਲਈ ਨਹੀਂ ਹੋਣੀ ਚਾਹੀਦੀ। ਇਸ ਲਈ ਭਾਜਪਾ ਭਲਕੇ ਲੋਕ ਦੀ ਵਿਧਾਨਸਭਾ ਚਲਾਵੇਗੀ।
ਇਹ ਵੀ ਪੜੋ: SGPC & Akali Dal Meeting: ਅਕਾਲੀ ਦਲ ਦੇ ਆਗੂਆਂ ਨੇ ਕਿਹਾ, "ਉਹ ਨਹੀਂ ਮੰਨਣਗੇ ਸੁਪਰੀਮ ਕੋਰਟ ਦਾ ਫੈਸਲਾ"