ਚੰਡੀਗੜ: ਦੇਸ਼ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ ਪਾਈਪ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਸਬੰਧੀ 2 ਅਕਤੂਬਰ, 2020 ਨੂੰ ਯੋਜਨਾ ਸ਼ੁਰੂ ਕੀਤੀ ਗਈ ਸੀ। 100 ਦਿਨਾਂ ਦੇ ਮੁਹਿੰਮ ਦੇ ਤਹਿਤ ਇਸ ਟੀਚੇ ਨੂੰ ਹਾਸਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਾ ਗਿਆ ਹੈ।
ਇਸ ਤਹਿਤ ਰਾਜ ਦੇ ਸਾਰੇ ਸਕੂਲਾਂ ਨੂੰ ਪੀਣ ਲਈ , ਹੱਥ ਥੋਣ ਲਈ, ਪਖਾਨਿਆਂ ’ਚ ਵਰਤੋਂ ਲਈ ਅਤੇ ਮਿਡ ਡੇਅ ਮੀਲ ਤਿਆਰ ਕਰਨ ਲਈ ਪਾਈਪ ਰਾਹੀਂ ਸਾਫ਼ ਪਾਣੀ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ। ਪੰਜਾਬ ਦੀ ਇਸ ਪ੍ਰਾਪਤੀ ਬਾਰੇ ਬੀਤੇ ਬੁੱਧਵਾਰ ਜਲ ਜੀਵਨ ਮਿਸ਼ਨ ਦੀ ’ਪ੍ਰਗਤੀ’ ਸਕੀਮ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ 22,322 ਸਕੂਲ, ਜਿਨਾਂ ਵਿੱਚ 17,328 ਸਰਕਾਰੀ ਅਤੇ 4994 ਪ੍ਰਾਈਵੇਟ ਸਕੂਲ ਸ਼ਾਮਲ ਹਨ, ਨੂੰ ਜਲ ਸਪਲਾਈ ਮੁਹੱਈਆ ਕਰਵਾ ਦਿੱਤੀ ਗਈ ਹੈ।
ਇਸੇ ਤਰਾਂ ਰਾਜ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਿਤ ਆਂਗਣਵਾੜੀਆਂ ਵਿੱਚ ਵੀ ਇਹ ਸਹੂਲਤ ਮੁਹੱਈਆ ਕਰਵਾਉਣ ਲਈ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਅਤੇ ਮਿੱਥੀ ਹੋਈ 100 ਦਿਨਾਂ ਦੀ ਸਮਾਂ ਸੀਮਾ ਦੇ ਦਰਮਿਆਨ ਮੁਕੰਮਲ ਹੋ ਜਾਵੇਗੀ।
ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਹਿਲਾਂ ਹੀ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕੀਤਾ ਗਿਆ ਹੈ ਜਿਸਦਾ ਟੀਚਾ ਪੰਜਾਬ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਾਫ਼ ਸਪਲਾਈ ਮੁਹੱਈਆ ਕਰਵਾ ਕੇ ਨਰੋਈ ਸਿਹਤ ਦੇਣਾ ਹੈ।