ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਪੰਜਾਬ ਲਈ ਠੀਕ ਨਹੀਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਲ ਵਿਕਾਸ ਦਾ ਕੋਈ ਮਾਡਲ ਨਹੀਂ ਹੈ। ਇਸ ਮੌਕੇ ਉਨ੍ਹਾਂ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨੇ ਜਾਣ ’ਤੇ ਤੰਜ ਕਸਿਆ ਹੈ। 'ਆਪ' ਦੇ ਸੀਐਮ ਚਿਹਰੇ ਭਗਵੰਤ ਮਾਨ ਬਾਰੇ ਕੈਪਟਨ ਨੇ ਕਿਹਾ ਕਿ ਉਹ ਕਾਮੇਡੀਅਨ ਹਨ। ਨਾਲ ਹੀ ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਕਾਮੇਡੀ ਦੀ ਨਹੀਂ ਗੰਭੀਰਤਾ ਦੀ ਲੋੜ ਹੈ।
ਪੰਜਾਬ ਵਿੱਚ ਈਡੀ ਦੇ ਚਰਨਜੀਤ ਚੰਨੀ ਦੇ ਰਿਸ਼ਤੇਦਾਰ 'ਤੇ ਛਾਪੇਮਾਰੀ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਐਮ ਚੰਨੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਿਲ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ 'ਚ ਸੋਚਣ ਦੀ ਵੀ ਸ਼ਕਤੀ ਨਹੀਂ ਹੈ।
ਇਸ ਮੌਕੇ ਕੈਪਟਨ ਨੇ ਪੀਐਮ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈਕੇ ਚੰਨੀ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਪੀਐਮ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਦੀ ਜ਼ਿੰਮੇਵਾਰ ਸਿੱਧੇ ਤੌਰ ’ਤੇ ਚੰਨੀ ਸਰਕਾਰ ਹੈ। ਉਨ੍ਹਾਂ ਇਸ ਘਟਨਾ ਨੂੰ ਸੁਰੱਖਿਆ ਵਿੱਚ ਵੱਡੀ ਘਾਟ ਦੱਸਦਿਆਂ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਨੇੜੇ ਹੋਣ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਲਈ ਖ਼ਤਰਾ ਵੀ ਬਣ ਸਕਦਾ ਸੀ।
ਇਹ ਵੀ ਪੜ੍ਹੋ: ਚੰਨੀ ਸਮੇਤ ਕਾਂਗਰਸ ਦੇ ਵੱਡੇ ਲੀਡਰਾਂ ਦੀ ਮਾਈਨਿੰਗ ਮਾਫੀਆ ’ਚ ਸੀ ਸ਼ਮੂਲੀਅਤ- ਕੈਪਟਨ