ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਐਲਾਨੇ (Punjab Assembly Elections 2022) ਜਾਣਗੇ ਪਰ ਸੋਮਵਾਰ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਐਗਜ਼ਿਟ ਪੋਲ 'ਚ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੱਤਾਧਾਰੀ ਕਾਂਗਰਸ ਨੂੰ 'ਆਪ' ਦੇ ਮੁਕਾਬਲੇ ਲਗਭਗ ਅੱਧੀਆਂ ਸੀਟਾਂ ਮਿਲਣ ਦੀ ਉਮੀਦ ਹੈ ਜਦਕਿ ਭਾਜਪਾ ਗੱਠਜੋੜ ਤੀਜੇ ਨੰਬਰ 'ਤੇ ਦਿਖਾਇਆ ਗਿਆ ਹੈ।
ਐਗਜ਼ਿਟ ਪੋਲ ਨੇ ਭਖਾਈ ਸਿਆਸਤ
ਮਾਰਚ 2021 ਤੋਂ ਲੈ ਕੇ 7 ਫ਼ਰਵਰੀ , 2022 ਤੱਕ ਹੋਏ 9 ਚੋਣ ਸਰਵੇਖਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿਖਾਇਆ ਗਿਆ ਸੀ ਪਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਵਜੋਂ ਦਿਖਾਇਆ ਗਿਆ ਸੀ ਪਰ 7 ਮਾਰਚ ਨੂੰ ਪੰਜਾਂ ਸੂਬਿਆਂ ਵਿੱਚ ਮੱਤਦਾਨ ਪ੍ਰੀਕਿਰਿਆ ਸਮਾਪਤ ਹੋਣ ਤੋਂ ਬਾਅਦ ਹੋਏ ਸਰਵੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਗਈ ਹੈ।
7 ਮਾਰਚ ਦੇ ਐਗਜ਼ਿਟ ਪੋਲ ਨੂੰ ਲੈ ਕੇ ਪੰਜਾਬ ਦੀ ਫਿਜ਼ਾ ਵਿੱਚ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਰਿਹਾ। ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਦਿਖਾਈ ਦਿੱਤਾ ਪਰ ਕਿਸੇ ਵੀ ਸਰਵੇ ਵਿੱਚ ਕਿਸਾਨ ਸੰਗਠਨਾਂ ਦੇ ਉਮੀਦਵਾਰਾਂ ਨੂੰ ਇੱਕ ਵੀ ਸੀਟ ‘ਤੇ ਜਿੱਤ ਨਹੀਂ ਦਿਖਾਈ ਗਈ।
ਪੰਜਾਬ ਦੀਆਂ 117 ਸੀਟਾਂ ‘ਚੋਂ ਜਿੱਤ ਲਈ 59 ਸੀਟਾਂ ‘ਤੇ ਜਿੱਤ ਨਾਲ ਹੀ ਸਰਕਾਰ ਸੰਭਵ ਹੈ। ਐਗਜ਼ਿਟ ਪੋਲ ਦੇਣ ਵਾਲੀਆਂ ਇੰਨ੍ਹਾਂ ਏਜੰਸੀਆਂ ਵਿੱਚ ਚਾਣਕਿਆ ਨੇ 'ਆਪ' ਨੂੰ 100 ਅਤੇ ਨਿਊਜ਼ਐਕਸ ਨੇ 56-61 ਸੀਟਾਂ ਦਿੱਤੀਆਂ ਹਨ। ਟਾਈਮਜ਼ ਨਾਓ, ਵੀਟੋ ਅਤੇ ਰਿਪਬਲਿਕ ਸਰਵੇਖਣ 'ਆਪ' ਨੂੰ ਵੱਧ ਤੋਂ ਵੱਧ 70 ਸੀਟਾਂ ਦੇ ਰਹੇ ਹਨ।
ਨਿਊਜ਼ਐਕਸ ਨੇ ਕਾਂਗਰਸ ਨੂੰ 24-29, ਚਾਣਕਿਆ ਨੇ 10, ਟਾਈਮਜ਼ ਨਾਓ ਵੀਟੋ ਨੇ 22 ਅਤੇ ਰਿਪਬਲਿਕ ਨੇ 23-31 ਸੀਟਾਂ ਦਿੱਤੀਆਂ ਹਨ। ਚਾਣਕਿਆ ਨੇ ਅਕਾਲੀ ਦਲ ਨੂੰ ਸਿਰਫ਼ 6 ਸੀਟਾਂ, ਟਾਈਮਜ਼ ਨਾਓ ਵੀਟੋ ਨੇ 19, ਰਿਪਬਲਿਕ ਨੇ 23-31 ਅਤੇ ਨਿਊਜ਼ ਐਕਸ ਨੇ 24-29 ਸੀਟਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਭਾਜਪਾ ਨੂੰ ਕੁੱਝ ਐਗਜ਼ਿਟ ਪੋਲਾਂ 'ਚ 6 ਅਤੇ ਕੁਝ 'ਚ 1 ਸੀਟ ਮਿਲਦੀ ਨਜ਼ਰ ਆ ਰਹੀ ਹੈ। ਸਾਰੇ ਸਰਵੇਖਣ ਰਿਪੋਰਟਾਂ ਦੱਸਦੀਆਂ ਹਨ ਕਿ ਭਾਜਪਾ ਦੋਹਰੇ ਅੰਕਾਂ ਤੱਕ ਨਹੀਂ ਪਹੁੰਚ ਸਕੇਗੀ।
ਉੱਥੇ ਹੀ ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ 38 ਤੋਂ 44 ਸੀਟਾਂ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਖਾਤੇ ਵਿੱਚ 30 ਤੋਂ 39 ਅਤੇ ਕਾਂਗਰਸ ਦੇ ਖਾਤੇ ਵਿੱਚ 26 ਤੋਂ 32 ਸੀਟਾਂ ਜਾ ਸਕਦੀਆਂ ਹਨ। ਇਸ ਚੋਣ ਵਿੱਚ ਭਾਜਪਾ ਨੂੰ 7 ਤੋਂ 10 ਅਤੇ ਹੋਰਾਂ ਨੂੰ 1 ਤੋਂ 2 ਸੀਟਾਂ ਮਿਲ ਸਕਦੀਆਂ ਹਨ।
ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਸਕਰ ਦਾ ਐਗਜ਼ਿਟ ਪੋਲ ਸਭ ਤੋਂ ਸਹੀ ਸਾਬਿਤ ਹੋਇਆ ਸੀ। ਭਾਸਕਰ ਨੇ ਐਨਡੀਏ ਨੂੰ 120 ਤੋਂ 127 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਸੀ। ਨਤੀਜਿਆਂ 'ਚ ਐਨਡੀਏ ਨੂੰ 125 ਸੀਟਾਂ ਮਿਲੀਆਂ ਸਨ। ਜਦਕਿ ਜ਼ਿਆਦਾਤਰ ਚੈਨਲਾਂ ਦੇ ਐਗਜ਼ਿਟ ਪੋਲ ਨੇ ਮਹਾਗਠਜੋੜ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਸੀ। ਪਰ ਐਗਜ਼ਿਟ ਪੋਲ ਦੇ ਇੱਕ ਹੀ ਦਿਨ ਬਾਅਦ ਹੀ ਸੂਬੇ ਦੇ ਲੋਕਾਂ ਨੇ ਇੰਨ੍ਹਾ ਅਨੁਮਾਨਾਂ ਨੂੰ ਵੀ ਹਲਕੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਹੈ।
ਕੀ ਕਹਿੰਦੇ ਨੇ 2012-2017 ਦੇ ਨਤੀਜੇ?
ਨਾਲ ਹੀ ਲੋਕਾਂ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਉਤਸਕਤਾ ਵੀ ਬਣੀ ਹੋਈ ਹੈ। ਐਗਜ਼ਿਟ ਪੋਲ ਦੀ ਭਰੋਸੇਯੋਗਤਾ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ। ਇਹ ਕਈ ਵਾਰ ਗਲਤ ਸਾਬਤ ਹੋਇਆ ਹੈ, ਖਾਸ ਕਰਕੇ ਪੰਜਾਬ ਦੇ ਮਾਮਲੇ ਵਿੱਚ। ਸਾਲ 2012 ਦੇ ਐਗਜ਼ਿਟ ਪੋਲ ਅਤੇ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਦੋਵਾਂ ਮਾਮਲਿਆਂ 'ਚ ਚੋਣ ਨਤੀਜਿਆਂ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਝੁਠਲਾਇਆ।
2012 ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਸੀ, ਪਰ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ + ਭਾਜਪਾ ਗਠਜੋੜ ਨੇ ਜਿੱਤ ਪ੍ਰਾਪਤ ਕੀਤੀ ਅਤੇ ਪੰਜਾਬ ਵਿੱਚ ਸਰਕਾਰ ਬਣਾਈ। ਇੰਡੀਆ ਟੀਵੀ-ਸੀ ਵੋਟਰ ਨੇ ਆਪਣੇ ਐਗਜ਼ਿਟ ਪੋਲ ਵਿੱਚ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ 47, ਕਾਂਗਰਸ ਨੂੰ 65, ਜਦਕਿ ਹੋਰਨਾਂ ਨੂੰ 5 ਸੀਟਾਂ ਦਿਖਾਈਆਂ ਸਨ। ਇਸੇ ਤਰ੍ਹਾਂ ਨਿਊਜ਼ 24 ਨੇ ਅਕਾਲੀ ਦਲ ਨੂੰ 52, ਕਾਂਗਰਸ ਨੂੰ 60 ਅਤੇ ਹੋਰਨਾਂ ਨੂੰ 5 ਸੀਟਾਂ ਦਿੱਤੀਆਂ ਸਨ।
ਸੀ ਐਨ ਐਨ –ਆਈ ਬੀ ਐਨ ਨੇ ਅਕਾਲੀ ਗੱਠਜੋੜ ਨੂੰ 51 ਤੋਂ 63 ਸੀਟਾਂ, ਕਾਂਗਰਸ ਨੂੰ 48 ਤੋਂ 60 ਅਤੇ ਹੋਰਾਂ ਨੂੰ 3 ਤੋਂ 9 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਸੀ। ਪਰ ਚੋਣ ਨਤੀਜਿਆਂ ਨੇ ਐਗਜ਼ਿਟ ਪੋਲ ਨੂੰ ਰੱਦ ਹੀ ਕਰ ਦਿੱਤਾ ਅਤੇ ਅਕਾਲੀ ਦਲ ਗਠਜੋੜ ਨੇ 68 (56+12) ਸੀਟਾਂ ਨਾਲ ਪੰਜਾਬ ਵਿੱਚ ਸਰਕਾਰ ਬਣਾਈ। ਦੂਜੇ ਪਾਸੇ ਕਾਂਗਰਸ ਨੂੰ 46 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ ਅਤੇ ਬਾਕੀਆਂ ਦੇ ਖਾਤੇ 'ਚ ਸਿਰਫ਼ 3 ਸੀਟਾਂ ਆਈਆਂ।
2017 ਦੇ ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਬਹੁਮਤ ਹਾਸਲ ਕਰਦੀ ਦਿਖਾਇਆ ਸੀ, ਪਰ ਕਾਂਗਰਸ ਨੇ ਚੋਣ ਨਤੀਜਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਪੰਜਾਬ ਵਿੱਚ ਸਰਕਾਰ ਬਣਾਈ। ਇੰਡੀਆ ਟੀਵੀ-ਸੀ ਵੋਟਰ ਨੇ ਆਪਣੇ ਐਗਜ਼ਿਟ ਪੋਲ ਵਿੱਚ ਅਕਾਲੀ ਗੱਠਜੋੜ ਨੂੰ 5 ਤੋਂ 13 ਸੀਟਾਂ, ਕਾਂਗਰਸ ਨੂੰ 41 ਤੋਂ 49, ਜਦੋਂ ਕਿ ਆਪ ਨੂੰ 59 ਤੋਂ 67 ਸੀਟਾਂ ਮਿਲਦੀਆਂ ਦਿਖਾਈਆਂ ਸਨ।
ਇਸੇ ਤਰ੍ਹਾਂ ਨਿਊਜ਼24-ਟੂਡੇ ਚਾਣਕਿਆ ਨੇ ਅਕਾਲੀ ਦਲ ਗੱਠਜੋੜ ਨੂੰ 9 (5 ਸੀਟਾਂ ਉੱਪਰ ਜਾਂ ਹੇਠਾਂ), ਕਾਂਗਰਸ ਨੂੰ 54 (9 ਸੀਟਾਂ ਉੱਪਰ ਜਾਂ ਹੇਠਾਂ), ਜਦੋਂ ਕਿ 'ਆਪ' ਨੂੰ 54 (9 ਸੀਟਾਂ ਉੱਪਰ ਅਤੇ ਹੇਠਾਂ) ਦਿੱਤੀਆਂ ਸਨ । ਇੰਡੀਆ ਟੂਡੇ-ਐਕਸਿਸ ਨੇ ਅਕਾਲੀ ਦਲ ਗੱਠਜੋੜ ਨੂੰ 4-7 ਸੀਟਾਂ, ਕਾਂਗਰਸ ਨੂੰ 62 ਤੋਂ 71 ਅਤੇ 'ਆਪ' ਨੂੰ 42 ਤੋਂ 51 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ। ਪਰ ਚੋਣ ਨਤੀਜਿਆਂ ਨੇ ਐਗਜ਼ਿਟ ਪੋਲ ਨੂੰ ਗਲਤ ਸਾਬਤ ਕਰ ਦਿੱਤਾ ਅਤੇ ਕਾਂਗਰਸ ਨੇ ਪੰਜਾਬ ਵਿੱਚ 77 ਸੀਟਾਂ ਨਾਲ ਸਰਕਾਰ ਬਣਾਈ। ਦੂਜੇ ਪਾਸੇ, 'ਆਪ' ਨੂੰ 20 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ, ਜਦੋਂ ਕਿ ਅਕਾਲੀ ਦਲ ਗਠਜੋੜ ਨੂੰ 18 (15+3) ਅਤੇ ਹੋਰਨਾਂ ਨੂੰ ਸਿਰਫ਼ 2 ਸੀਟਾਂ ਮਿਲੀਆਂ।
ਨਤੀਜਿਆਂ ਤੋਂ ਪਹਿਲਾਂ ਕੈਪਟਨ-ਸ਼ਾਹ ਮਿਲਣੀ ਦੇ ਮਾਇਨੇ
ਪਰ ਆਮ ਆਦਮੀ ਪਾਰਟੀ ਤੋ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂ ਐਗਜ਼ਿਟ ਪੋਲ ਨੂੰ ਰੱਦ ਕਰ ਰਹੇ ਹਨ। ਇਸੇ ਕਰਕੇ ਆਗੂਆ ਦੀਆਂ ਮੀਟਿੰਗਾਂ ਨੇ ਹਲਚਲ ਜਿਹੀ ਮਚਾ ਦਿੱਤੀ ਹੈ। ਇੱਕ ਦਿਨ ਪਹਿਲਾਂ ਹੀ ਐਨ ਡੀ ਏ ਗੱਠਜੋੜ ਵਾਲੀ ਪੰਜਾਬ ਲੋਕ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਾਫੀ ਅਰਥ ਰੱਖਦੀ ਹੈ। ਹਲਾਂਕਿ ਕੈਪਟਨ ਅਮਰਿੰਦਰ ਨੇ ਇਸ ਮੀਟਿੰਗ ਵਿੱਚ ਚੋਣ ਨਤੀਜਿਆ ਦੀ ਚਰਚਾ ਨੂੰ ਰੱਦ ਕੀਤਾ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਚੋਣ ਨਤੀਜਿਆਂ ਤੋ ਬਾਅਦ ਮੀਟਿੰਗ ਹੋਵੇਗੀ।
ਅਜਿਹਾ ਪ੍ਰਭਾਵ ਵੀ ਬਣ ਰਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀ ਮਿਲੇਗਾ। ਸਾਬਕਾ ਮੁੱਖਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦਾ ਬਿਆਨ ਕਾਬਿਲੇਗੌਰ ਹੈ ,ਜਿਸ ਵਿਚ ਉਂਨ੍ਹਾ ਨੇ ਕਿਹਾ ਸੀ ਕਿ ਲੋੜ ਪੈਣ ‘ਤੇ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੰਭਵ ਹੋ ਸਕਦਾ ਹੈ। ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਦੀਆਂ ਸੰਭਾਵਨਾਵਾਂ ਵੀ ਅਧੂਰੇ ਫਤਵੇ ਵੱਲ ਸੰਕੇਤ ਕਰਦੀਆਂ ਹਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕੁੱਝ ਦਿਨ ਪਹਿਲਾਂ ਦਿੱਤਾ ਇਹ ਬਿਆਨ ਵੀ ਮਹੱਤਵਪੂਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਅੰਦਰੋਂ–ਅੰਦਰੀ ਇਕਜੁਟ ਹੋ ਗਈਆਂ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਾਇਰਲ ਹੋਇਆ ਇੱਕ ਵੀਡੀਓ ਵੀ ਚਰਚਾ ਵਿੱਚ ਹੈ ਜਿਸ ਵਿੱਚ ਉਹ ਕਹਿੰਦੇ ਨਜ਼ਰ ਆਏ ਸਨ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉ ,ਭਾਵੇਂ ਕਾਂਗਰਸ ਨੂੰ ਵੋਟ ਪਾ ਦਿਓ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਵੀਡੀਓ ਨੂੰ ਮਨਘੜਤ ਕਰਾਰ ਦਿੱਤਾ ਸੀ ਅਤੇ ਇਸਦੀ ਸ਼ਿਕਾਇਤ ਵੀ ਚੋਣ ਆਯੋਗ ਕੋਲ ਕੀਤੀ ਸੀ।
ਅੰਦਾਜ਼ਿਆਂ ’ਤੇ ਸਿਆਸੀ ਪ੍ਰਤੀਕਰਮ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੋਣ ਸਰਵੇਖਣਾਂ ਵਿਚਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, ‘‘ਸਾਡੀ ਪਾਰਟੀ ਸਪਸ਼ਟ ਬਹੁਮੱਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਨਾਲ ਹੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ ਹੈ। ਉਨ੍ਹਾਂ ਨੇ ਰੌਸ਼ਨ ਭਵਿੱਖ ਵੇਖਿਆ ਹੈ, ਜੋ ਸਿਰਫ਼ ਸਾਡੇ ਸੱਤਾ ਵਿੱਚ ਆਉਣ ’ਤੇ ਸੰਭਵ ਹੈ।’’ ਓਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਸਰਵੇਖਣਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਹੈ।
ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਸ ਬਾਰੇ ਕਹਿਣਾ ਸੀ ਕਿ ਚੋਣ ਸਰਵੇਖਣਾਂ ਦੇ ਨਤੀਜੇ ਬਿਲਕੁਲ ਠੀਕ ਨਹੀ ਹੁੰਦੇ। ਸਾਲ 2017 ਵਿਚ ਵੀ ਅਜਿਹੇ ਅਨੁਮਾਨ ਲਗਾਏ ਗਏ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਪਰ ਹੋਇਆ ਉਲਟ ਅਤੇ ਕਾਂਗਰਸ ਨੂੰ ਬਹੁਮਤ ਮਿਲਿਆ। ਉਨ੍ਹਾਂ ਕਿਹਾ ਕਿ ਲੋਕ 10 ਮਾਰਚ ਤੱਕ ਦੀ ਉਡੀਕ ਕਰਨ ਅਤੇ ਕੋਈ ਧਾਰਨਾ ਨਾ ਬਣਾਉਣ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਸਰਵੇਖਣਾਂ ਦੇ ਪ੍ਰਤੀਕਰਮ ’ਚ ਕਿਹਾ, ‘‘ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ ’ਤੇ ਯਕੀਨ ਨਹੀਂ ਹੈ। ਪਿਛਲੀਆਂ ਚੋਣਾਂ ਮੌਕੇ ਵੀ ਇਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਏ ਸੀ ਤੇ ਐਤਕੀਂ ਫਿਰ ਚੋਣ ਪੰਡਿਤ ਗਲਤ ਸਾਬਤ ਹੋਣਗੇ। ਅਕਾਲੀ ਦਲ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਏਗਾ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖਮੰਤਰੀ ਦੇ ਚਿਹਰੇ ਭਗਵੰਤ ਮਾਨ ਦਾ ਐਗਜ਼ਿਟ ਪੋਲ ਬਾਰੇ ਕਹਿਣਾ ਸੀ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਲੋਕ ਆਪਣਾ ਭਵਿੱਖ ਕਿਹੜੀ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ ਇਸਦਾ ਫੈਸਲਾ 10 ਮਾਰਚ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਪਰ ਲੋਕਾਂ ਦਾ ਜੋ ਵੀ ਫੈਸਲਾ ਹੋਵੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਚੰਡੀਗੜ੍ਹ ਸਥਿਤ ਸੀਨੀਅਰ ਪੱਤਰਕਾਰ ਹਰੀਸ਼ ਚੰਦਰ ਦਾ ਕਹਿਣਾ ਸੀ ਕਿ ਅਸਲ ਵਿਚ ਇਹ ਚੋਣ ਸਰਵੇਖਣ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਸਿਰਫ 200 -300 ਲੋਕਾਂ ਦੀ ਪੁੱਛ ਗਿੱਛ ‘ਤੇ ਆਧਾਰਿਤ ਹੁੰਦਾ ਹੈ। ਉਨ੍ਹਾਂ ਕਿਹਾ ਇੰਨ੍ਹਾਂ ਦੀ ਭਰੋਸੇਯੋਗਤਾ ਜ਼ਿਆਦਾ ਨਹੀਂ ਹੁੰਦੀ ਪਰ ਚੋਣ ਨਤੀਜਿਆਂ ਦੀ ਉਡੀਕ ਲੰਘਾਉਣ ਲਈ ਇਹ ਦਿਲਚਸਪੀ ਦੀ ਖੇਡ ਜ਼ਰੂਰ ਹੋ ਸਕਦੀ ਹੈ ਜਦਕਿ ਸਾਲ 2012 ਅਤੇ 2017 ਵਿੱਚ ਪੰਜਾਬ ਬਾਰੇ ਹੋਏ ਚੋਣ ਸਰਵੇਖਣ ਗਲਤ ਸਾਬਤ ਹੋਏ ਹਨ।
ਇਹ ਵੀ ਪੜ੍ਹੋ: Exit Poll: ਪੰਜਾਬ 'ਚ 'ਆਪ, ਯੂਪੀ-ਉਤਰਾਖੰਡ-ਮਨੀਪੁਰ 'ਚ ਭਾਜਪਾ ਤੇ ਗੋਆ 'ਚ ਹੈਂਗ ਅਸੈਂਬਲੀ ਸਰਕਾਰ ਬਣਨ ਦੇ ਅਸਾਰ !