ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਪ੍ਰੇਮੀ ਜੋੜੇ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੁਲਿਸ ਵੱਲੋਂ ਜੋੜੇ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਕਿਹਾ ਕਿ ਵਿਆਹ ਲਈ ਮੁੰਡੇ ਦੀ ਉਮਰ ਘੱਟ ਹੋਣ 'ਤੇ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹਾਈਕੋਰਟ ਨੇ ਮੋਹਾਲੀ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਦੀ ਸੁਰੱਖਿਆ ਦੇ ਆਦੇਸ਼ ਦਿੰਦਿਆਂ ਇਹ ਸਪਸ਼ਟ ਕੀਤਾ, " ਜੇਕਰ ਮੁੰਡਾ ਤੇ ਕੁੜੀ ਬਾਲਗ ਹਨ ਤੇ ਉਹ ਆਪਸੀ ਸਹਿਮਤੀ ਨਾਲ ਇੱਕਠੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਲੈਣ ਦਾ ਅਧਿਕਾਰ ਹੈ। ਕੋਰਟ ਨੇ ਕਿਹਾ ਕਿ ਜੇਕਰ ਵਿਆਹ ਲਈ ਮੁੰਡੇ ਦੀ ਉਮਰ ਘੱਟ ਹੈ ਤਾਂ ਅਜਿਹੇ ਹਲਾਤਾਂ 'ਚ ਵੀ ਪੁਲਿਸ ਪ੍ਰੇਮੀ ਜੋੜੇ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ।
ਪ੍ਰੇਮੀ ਜੋੜੇ ਵੱਲੋਂ ਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਦੱਸਿਆ ਗਿਆ ਕਿ ਉਹ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਹਨ। ਕੁੜੀ ਦੇ ਮੁਤਾਬਕ ਉਸ ਦੀ ਉਮਰ 21 ਸਾਲ ਹੈ ਜਦੋਂ ਕਿ ਮੁੰਡੇ ਦੀ ਉਮਰ 19 ਸਾਲ ਹੈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਮੁੰਡੇ ਦੀ ਉਮਰ ਘੱਟ ਹੋਣ ਦੇ ਚਲਦੇ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ। ਦੋਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ। ਕੁੜੀ ਨੂੰ ਉਸ ਦੇ ਪਰਿਵਾਰ ਵੱਲੋਂ ਲਗਾਤਾਰ ਕਿਸੇ ਹੋਰ ਨਾਲ ਵਿਆਹ ਕਰਨ ਲਈ ਦਬਾਅ ਪਾ ਰਹੇ ਹਨ ਤੇ ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।
ਪੀੜਤਾਂ ਜੋੜੇ ਮੁਤਾਬਕ ਉਨ੍ਹਾਂ ਇਸ ਸਬੰਧੀ ਐਸਐਸਪੀ ਮੋਹਾਲੀ ਕੋਲ ਸ਼ਿਕਾਇਤ ਕਰ ਮਦਦ ਦੀ ਅਪੀਲ ਕੀਤੀ, ਪਰ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਉਨ੍ਹਾਂ ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਨੀ ਪਈ।
ਹਾਈਕੋਰਟ ਦੀ ਸੰਵਿਧਾਨਕ ਬੈਂਚ ਨੇ ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਕਿਹਾ ਕਿ ਸੰਵਿਧਾਨ ਮੁਤਾਬਕ ਬਾਲਗ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਤੈਅ ਕਰੇ ਕਿ ਉਹ ਕਿਸ ਨਾਲ ਰਹਿਣਾ ਚਾਹੁੰਦਾ ਹੈ। ਅਜਿਹੇ ਵਿੱਚ ਪੁਲਿਸ ਕਿਸੇ ਵੀ ਪ੍ਰੇਮੀ ਜੋੜੇ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ: ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ