ਚੰਡੀਗੜ੍ਹ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (Punjab State Power Corporation) ਨੇ ਸਾਲ 2020-21 ’ਚ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਕਮਾਇਆ ਹੈ। ਇਸ ਗੱਲ ਦਾ ਖੁਲਾਸਾ ਸੀਐਮਡੀ ਏ ਵੇਨੂੰ ਪ੍ਰਸ਼ਾਦ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2020-21 ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (Punjab State Power Corporation) ਨੇ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਕਮਾਇਆ ਜਦਕਿ ਸਾਲ 2019-20 ਚ 1158 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਸੀਐਮਡੀ ਏ ਵੇਨੂੰ ਪ੍ਰਸ਼ਾਦ ਨੇ ਦੱਸਿਆ ਕਿ ਪੀਸੀਐਸਪੀਸੀਐਲ (PSPCL) ਦੇ ਸਾਰੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਹੋਈ ਸੀ ਜਿਸ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ ਪ੍ਰਵਾਨ ਕੀਤਾ ਗਿਆ।
'ਬਿਜਲੀ ਦੇ ਰੇਟ ਫਿਕਸ ਕਰਨ ਸਮੇਂ ਪਵੇਗਾ ਅਸਰ'
ਦੱਸ ਦਈਏ ਕਿ ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਪਾਵਰ ਅਨੁਰਾਗ ਅਗਰਵਾਲ ਅਤੇ ਕੇਏਪੀ ਸਿਨ੍ਹਾ ਪ੍ਰਮੁੱਖ ਸਕੱਤਰ ਵਿੱਤ ਵੀ ਸ਼ਾਮਲ ਸੀ। ਜਿਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਵਿੱਤੀ ਪੱਧਰ ਅਤੇ ਖੇਤਰੀ ਪੱਧਰ ’ਤੇ ਕੀਤੇ ਗਏ ਚੰਗੇ ਕੰਮਾਂ ਦਾ ਬਿਜਲੀ ਦੇ ਰੇਟ ਫਿਕਸ ਕਰਨ ਸਮੇਂ ਅਸਰ ਪਵੇਗਾ ਅਤੇ ਕਾਰਪੋਰੇਸ਼ਨ ਪੂਰੇ ਉਤਸ਼ਾਹ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਚੰਗੀਆ ਸੇਵਾਵਾ ਦੇਵੇਗਾ।
ਦੂਜੇ ਪਾਸੇ ਸੀਐਮਡੀ ਨੇ ਇਹ ਵੀ ਦੱਸਿਆ ਕਿ ਇਸ ਮੁਨਾਫ਼ੇ ਦਾ ਮੁੱਖ ਕਾਰਨ ਉਦੇ ਸਕੀਮ ਵਿਆਜ ’ਚ 1306 ਕਰੋੜ ਰੁਪਏ ਦੀ ਘਾਟ, ਸਬਸਿਡੀ ਦੀ ਅਦਾਇਗੀ ’ਚ ਦੇਰੀ ਕਾਰਨ 577 ਕਰੋੜ ਰੁਪਏ ਦਾ ਵਿਆਜ, ਪੰਜਾਬ ਸਰਕਾਰ ਵੱਲੋਂ 570 ਕਰੋੜ ਰੁਪਏ ਦੀ ਗਰਾਂਟ ਅਤੇ 156 ਕਰੋੜ ਦਾ ਖਪਤਕਾਰਾਂ ਵਲੋਂ ਕੀਤੀ ਅਦਾਇਗੀ ਵਿਚ ਦੇਰੀ ਕਾਰਨ ਵਿਆਜ ਹੈ।