ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਨੂੰ ਕਾਂਗਰਸ ਭੜਕਾ ਰਹੀ ਹੈ। ਇਸ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪ੍ਰੈਸ ਵਾਰਤਾ 'ਚ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਜੁਮਲਿਆਂ ਤੋਂ ਸਿਵਾਏ ਜਨਤਾ ਦੀ ਭਲਾਈ ਲਈ ਕੁਝ ਨਹੀਂ ਕੀਤਾ।
ਇਸ ਦੌਰਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦਾ ਕਲਿੱਪ ਜਾਰੀ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ 90 ਹਜ਼ਾਰ ਕਰੋੜ ਦੇ ਕਰਜ਼ ਮੁਆਫ਼ ਕਰਨ ਸਣੇ ਪੰਜਾਬ ਸਰਕਾਰ ਨੇ 5 ਹਜ਼ਾਰ ਕਰੋੜ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਹਨ।
ਰੇਲਵੇ ਦੇ ਨਿੱਜੀ ਕਰਨ ਨਾ ਕਰਨ ਬਾਰੇ ਅਕਤੂਬਰ ਵਿੱਚ ਨਰਿੰਦਰ ਮੋਦੀ ਵੱਲੋਂ ਬਿਆਨ ਦਿੱਤਾ ਗਿਆ ਸੀ, ਜਦੋਕਿ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਜੁਲਾਈ ਵਿੱਚ ਸਾਫ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਰੇਲਵੇ ਚਲਾਉਣ ਲਈ ਇਨਵੈਸਟਮੈਂਟ ਦੀ ਜ਼ਰੂਰਤ ਹੈ, ਜਿਸ ਲਈ ਉਨ੍ਹਾਂ ਨੂੰ ਨਿੱਜੀਕਰਨ ਕਰਨਾ ਪਵੇਗਾ ਤੇ ਧਰਨੇ 'ਤੇ ਬੈਠੇ ਕਿਸਾਨ ਭਾਜਪਾ ਸਰਕਾਰ ਦਾ ਵਿਸ਼ਵਾਸ ਕਿਵੇਂ ਕਰ ਲੈਣ।
ਨਰਿੰਦਰ ਮੋਦੀ ਵੱਲੋਂ ਐੱਮਐੱਸਪੀ ਨਾ ਖ਼ਤਮ ਕਰਨ ਦੇ ਐਲਾਨ ਦਾ ਪਲਟਵਾਰ ਕਰਦਿਆਂ ਜਾਖੜ ਨੇ ਕਿਹਾ ਕਿ ਕਈ ਫ਼ਸਲਾਂ 'ਤੇ ਐੱਮਐੱਸਪੀ ਦੇਣ ਦਾ ਵਾਅਦਾ ਭਾਜਪਾ ਨੇ ਕੀਤਾ ਸੀ ਪਰ 2 ਫ਼ਸਲਾਂ 'ਤੇ ਹੀ ਐੱਮਐੱਸਪੀ ਦਿੱਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15-15 ਲੱਖ ਰੁਪਏ ਖਾਤਿਆਂ 'ਚ ਪਾਉਣ ਨੂੰ ਜੁਮਲਾ ਕਰਾਰ ਦਿੰਦਿਆਂ ਜਾਖੜ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ 'ਤੇ ਕੋਈ ਵਿਸ਼ਵਾਸ ਕਿਵੇਂ ਕਰੇਗਾ ਕਿਉਂਕਿ ਲਗਾਤਾਰ ਭਾਜਪਾ ਦੇ ਲੀਡਰ ਝੂਠ ਬੋਲ ਰਹੇ ਹਨ।