ਚੰਡੀਗੜ੍ਹ: ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਵਾਰਤਾ ਕੀਤੀ ਗਈ। ਸਕੂਲ ਦੀ ਮੈਨੇਜਮੈਂਟ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਜਿੱਥੇ ਦੁਨੀਆਂ ਭਰ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉੱਥੇ ਹੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕ, ਨਾਨ-ਟੀਚਿੰਗ ਸਟਾਫ਼, ਡਰਾਈਵਰ ਤੇ ਕੰਡਕਰਾ 'ਤੇ ਵੀ ਕਾਫ਼ੀ ਪ੍ਰਭਾਵ ਪਿਆ ਹੈ।
ਸਕੂਲ ਸਿੱਖਿਆ ਵਿਭਾਗ ਜਿੱਥੇ ਡਬਲ ਬੈਂਚ ਕੋਲ ਸੁਣਵਾਈ ਲਈ ਅਰਜ਼ੀ ਲਗਾ ਚੁੱਕਿਆ, ਉੱਥੇ ਹੀ ਪ੍ਰਾਈਵੇਟ ਸਕੂਲ ਫੈਡਰੇਸ਼ਨ ਵੀ ਡਿਫੈਂਡ ਕਰਨ ਦੀ ਗੱਲ ਆਖ ਰਹੀ ਹੈ। ਉਧਰ ਦੂਜੇ ਪਾਸੇ ਪ੍ਰੈੱਸ ਵਾਰਤਾ ਕਰ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਹੁਣ 100 ਫੀਸਦੀ ਦੀ ਥਾਂ 70 ਪ੍ਰਤੀਸ਼ਤ ਹੀ ਫ਼ੀਸ ਲੈਣਗੇ ਤੇ ਟਰਾਂਸਪੋਰਟ ਫੀਸ 50 ਫ਼ੀਸਦੀ ਤੋਂ ਵੱਧ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਿਊਸ਼ਨ ਫੀਸ 88 ਪ੍ਰਤੀਸ਼ਤ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਸਾਲਾਨਾ ਵਧਣ ਵਾਲੀ 8 ਫੀਸਦੀ ਫੀਸ ਵੀ ਨਹੀਂ ਵਧਾਈ ਜਾਵੇਗੀ ਜੋ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਹੁਕਮ ਕਰ ਦਿੱਤੇ ਗਏ ਸਨ।
ਜਾਣਕਾਰੀ ਦਿੰਦਿਆਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਇਹ ਵੀ ਕਿਹਾ ਕਿ ਕੁੱਝ ਲੋਕ ਸਿਆਸਤ ਅਤੇ ਵਕਾਲਤ ਦੇ ਵਿੱਚ ਆਪਣਾ ਕੱਦ ਵੱਡਾ ਤੇ ਪਹਿਚਾਣ ਬਣਾਉਣ ਲਈ ਗ਼ਲਤ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਾ ਤਾਂ ਸਕੂਲ ਮੈਨੇਜਮੈਂਟ ਦੀ ਕੋਈ ਵਿੱਤੀ ਮਦਦ ਕੀਤੀ ਅਤੇ ਨਾ ਹੀ ਕੋਈ ਬਿਜਲੀ ਦੇ ਬਿੱਲ ਮੁਆਫ ਕੀਤੇ। ਸੂਬੇ ਭਰ ਵਿੱਚ ਟੀਚਿੰਗ, ਨਾਨ-ਟੀਚਿੰਗ ਸਟਾਫ ਸਣੇ 5 ਲੱਖ ਸਿੱਧੇ ਤੇ ਅਸਿੱਧੇ ਤੌਰ 'ਤੇ ਸਕੂਲਾਂ ਰਾਹੀਂ ਨੌਕਰੀ ਕਰ ਰਹੇ ਹਨ, ਜੋ ਕਿ ਇਸ ਸਮੇਂ ਪ੍ਰਭਾਵਿਤ ਹੋ ਰਹੇ ਹਨ।