ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇਜਰੀਵਾਲ 'ਤੇ ਨਿਸ਼ਾਨੇ ਸਾਧੇ। ਉੱਥੇ ਹੀ ਰਾਜ ਕੁਮਾਰ ਵੇਰਕਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਕਾਂਗਰਸ 'ਚ ਜਿੰਨੀਆਂ ਵੀ ਸਕੀਮਾਂ ਲੋਕਾਂ ਲਈ ਲਾਂਚ ਕੀਤੀਆਂ ਜਾਂਦੀਅਆਂ ਹਨ, ਉਹ ਸਭ ਕੁਝ ਹਾਈ ਕਮਾਨ ਦੀ ਹਰੀ ਝੰਡੀ ਤੋਂ ਬਾਅਦ ਹੀ ਕੀਤਾ ਜਾਂਦਾ ਹੈ।
'ਭਗਵੰਤ ਮਾਨ ਨੂੰ ਮੈਂ ਨਹੀਂ ਕਰਨਾ ਚੈਲੰਜ'
ਇਸ ਦੌਰਾਨ ਰਾਜ ਕੁਮਾਰ ਵੇਰਕਾ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਭਗਵੰਤ ਮਾਨ ਉਨ੍ਹਾਂ ਨੂੰ ਚੈਲੇਂਜ ਕਰ ਰਹੇ ਹਨ ਤਾਂ ਪਲਟਵਾਰ ਕਰਦਿਆਂ ਵੇਰਕਾ ਨੇ ਕਿਹਾ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਕੋਈ ਚੈਲੇਂਜ ਨਹੀਂ ਕਰਨਾ, ਜਿਸ ਵੱਲੋਂ ਇੱਕ ਸਟੇਜ ਉੱਪਰ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਹੋਵੇ।
ਇਸ ਦੌਰਾਨ ਰਾਜ ਕੁਮਾਰ ਵੇਰਕਾ ਨੇ ਇਹ ਵੀ ਕਿਹਾ ਕਿ ਬਿਆਸ ਦਰਿਆ ਵਿੱਚ ਹੁੰਦੀ ਮਾਈਨਿੰਗ 'ਤੇ ਸੁਖਬੀਰ ਬਾਦਲ ਵੱਲੋਂ ਮਾਰੇ ਗਏ ਛਾਪੇ ਤੋਂ ਬਾਅਦ ਜੋ ਵੀ ਦੋਸ਼ੀ ਪਾਏ ਜਾਂਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਮਾਈਨਿੰਗ ਮਾਫੀਆ ਨੂੰ ਸ਼ਹਿ ਨਹੀਂ ਦਿੱਤੀ ਜਾ ਰਹੀ ਅਤੇ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਵੀ ਇਲਾਕੇ ਵਿੱਚ ਅਜਿਹੀ ਕੋਈ ਗਤੀਵਿਧੀ ਪਾਈ ਗਈ, ਉਸ ਅਧਿਕਾਰੀ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ ਰਾਜ ਕੁਮਾਰ ਵੇਰਕਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੁਖਬੀਰ ਬਾਦਲ ਗੁੰਮਰਾਹਕੁੰਨ ਮਿਸਾਈਲ ਦੱਸ ਰਹੇ ਹਨ, ਜਦਕਿ ਸੁਖਬੀਰ ਬਾਦਲ ਦੱਸਣ ਕਿ ਉਹ ਕਿਹੜੀ ਮਿਸਾਈਲ ਹਨ ਨਾ ਤਾਂ ਕਦੇ ਡਰੱਗ ਮਾਫੀਆ ਦੇ ਖ਼ਿਲਾਫ਼ ਮਿਸਾਈਲ ਚੱਲੀ ਨਾ ਕਦੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਨ ਲਈ ਇਹ ਮਿਸਾਈਲ ਚੱਲ ਸਕੀ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਮਿਸਾਈਲ ਸਿਰਫ਼ ਐੱਸਆਈਟੀ ਨੂੰ ਗੁੰਮਰਾਹ ਕਰਨ ਵਿੱਚ ਚਲਦੀ ਰਹੀ ਹੈ ਅਤੇ ਸੁਖਬੀਰ ਬਾਦਲ ਕਿਸੇ ਹੋਰ 'ਤੇ ਨਿਸ਼ਾਨਾ ਸਾਧਣ ਤੋਂ ਪਹਿਲਾਂ ਆਪਣੇ ਘਰ ਵਿੱਚ ਝਾਤ ਮਾਰ ਲਵੇ।
ਇਸ ਦੌਰਾਨ ਰਾਜ ਕੁਮਾਰ ਵੇਰਕਾ ਨੇ ਵੱਡਾ ਬਿਆਨ ਦਿੰਦਿਆਂ ਇਹ ਵੀ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਪ੍ਰਾਈਵੇਟ ਪਰਚੇਜ਼ ਐਗਰੀਮੈਂਟ ਜ਼ਰੂਰ ਰੱਦ ਕਰੇਗੀ। ਇਸ ਤੋਂ ਪਹਿਲਾਂ ਵ੍ਹਾਈਟ ਪੇਪਰ ਇਸੇ ਕਾਰਨ ਹੀ ਮੁੱਖਮੰਤਰੀ ਜਾਰੀ ਨਹੀਂ ਕਰ ਪਾਏ ਕਿਉਂਕਿ ਲੰਬਾ ਸਮਾਂ ਸੁਪਰੀਮ ਕੋਰਟ 'ਚ ਪ੍ਰਾਈਵੇਟ ਪਰਚੇਜ਼ ਐਗਰੀਮੈਂਟ ਨੂੰ ਖਤਮ ਕਰਵਾਉਣ ਦਾ ਕੇਸ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਨ ਅਤੇ ਕਾਂਗਰਸ ਸਰਕਾਰ ਇਹ ਪ੍ਰਾਈਵੇਟ ਪਰਚੇਜ਼ ਐਗਰੀਮੈਂਟ ਜ਼ਰੂਰ ਖਤਮ ਕਰੇਗੀ।
ਇਹ ਵੀ ਪੜ੍ਹੋ:ਮੋਤੀ ਮਹਿਲ ਦੇ ਬਾਹਰ ਮੁੜ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਖਿੱਚ ਧੂਹ