ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀਕਾਂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਹੈਰੋਇਨ ਦੇ ਆਯਾਤ ਵਿੱਚ ਥੋੜ੍ਹੀ ਕਮੀ ਆਈ ਸੀ ਪਰ ਜਿਨ੍ਹਾਂ ਨੂੰ ਹੈਰੋਇਨ ਦੀ ਲੱਤ ਲੱਗੀ ਹੋਈ ਹੈ ਉਹ ਹੈਰੋਇਨ ਨਾ ਮਿਲਣ ਕਰਕੇ ਭਾਵੇਂ ਇਸ ਵੇਲੇ ਫਾਰਮਾਸੂਟੀਕਲ ਨਸ਼ੇ ਵੱਲ ਚਲੇ ਗਏ ਹਨ ਪਰ ਉਹ ਵੀ ਆਸ ਲਾਈ ਬੈਠੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਚੋਣਾਂ ਵਿਚ ਵੋਟ ਪਾਉਣ ਵਾਸਤੇ ਹੈਰੋਇਨ ਮਿਲ ਸਕਦੀ ਹੈ ।ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਭਾਵੇਂ ਮੰਨਣ ਜਾਂ ਨਾ ਮੰਨਣ ਪਰ ਅਸਲ ਸੱਚਾਈ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ ਅਤੇ ਚੋਣਾਂ ਵੇਲੇ ਕਰੋੜਾਂ ਰੁਪਿਆ ਜੋ ਖਰਚ ਕੀਤਾ ਜਾਂਦਾ ਹੈ ਬਦਕਿਸਮਤੀ ਨਾਲ ਇੱਥੋਂ ਹੀ ਇਕੱਠਾ ਕੀਤਾ ਹੋਇਆ ਪੈਸਾ ਹੁੰਦਾ ਹੈ।
ਚੋਣਾਂ ‘ਚ ਵਰਤੇ ਜਾਣ ਵਾਲੇ ਨਸ਼ੇ ‘ਤੇ ਸਾਬਕਾ DGP ਦੇ ਸਵਾਲ
ਉਥੇ ਹੀ ਰਾਜਨੀਤਕ ਪਾਰਟੀਆਂ ਦੇ ਬੁਲਾਰਿਆਂ ਦੀ ਇਸ ਨੂੰ ਲੈ ਕੇ ਆਪਣੀ ਆਪਣੀ ਰਾਏ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਮੰਨਣਾ ਹੈ ਕਿ ਨਸ਼ੇ ਦਾ ਖ਼ਾਤਮਾ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤਕ ਇਨ੍ਹਾਂ ਦੀ ਰਾਜਨੀਤਕ ਪੁਸ਼ਤ ਪਨਾਹੀ ਹੁੰਦੀ ਰਹੇਗੀ। ਉਨ੍ਹਾਂ ਮੰਨਿਆ ਕਿ ਨਸ਼ੇ ਦੇ ਤਸਕਰ, ਰਾਜਨੀਤੀ ਲੋਕ ਅਤੇ ਪ੍ਰਸ਼ਾਸਨ ਦਾ ਨੈਕਸਿਸ ਇਸ ਵਿਚ ਕੰਮ ਕਰ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਇੰਨੀ ਵੱਡੀ ਮਾਤਰਾ ਵਿੱਚ ਫੜ੍ਹੀ ਗਈ ਹੈਰੋਇਨ ਦੀ ਪੂਰੇ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਪਿੱਛੇ ਕਿਹੜੇ ਡਰੱਗ ਸਪਲਾਇਰ ਹਨ ਅਤੇ ਇਹ ਕਿੱਥੇ ਕਿੱਥੇ ਪਹੁੰਚਾਈ ਜਾਣੀ ਸੀ । ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਸੌਂਅ ਵੀ ਯਾਦ ਦਿਵਾਈ ਜੋ ਉਨ੍ਹਾਂ ਨੇ 2017 ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਚੁੱਕੀ ਸੀ ।
300 ਕਿੱਲੋ ਬਰਾਮਦ ਹੈਰੇਇਨ ਦੀ ਹੋਵੇ ਜਾਂਚ-ਆਪ
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਮਵੀਰ ਸਿੰਘ ਗੋਰਾਇਆ ਨੇ ਕਿਹਾ ਕਿ ਭਾਵੇਂ ਦਿੱਲੀ ਹੋਵੇ ਜਾਂ ਭਾਵੇਂ ਪੰਜਾਬ ਦੋਵਾਂ ਮੁੱਖ ਮੰਤਰੀਆਂ ਨੂੰ ਪਹਿਲਾਂ ਆਪਣੇ ਸੂਬੇ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਪਿੱਛੇ ਦਿੱਲੀ ਡੇਰਾ ਲਾਈ ਬੈਠੇ ਹਨ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਵਿੱਚ ਰਾਜ ਕਰਨ ਵਾਸਤੇ ਇੱਥੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਇਨ੍ਹਾਂ ਡਰੱਗ ਤਸਰਕਾਂ ਨੂੰ ਕਾਬੂ ਕੀਤਾ ਜਾਵੇ।
ਅਕਾਲੀ ਦਲ ਦੇ ਕੈਪਟਨ ਤੇ ਕੇਜਰੀਵਾਲ ‘ਤੇ ਨਿਸ਼ਾਨੇ
ਓਧਰ ਇਸ ਮਾਮਲੇ ‘ਤੇ ਕਾਂਗਰਸ ਦੇ ਲੀਡਰ ਕੇ ਕੇ ਬਾਵਾ ਦਾ ਮੰਨਣਾ ਹੈ ਕਿ ਪੰਜਾਬ ਦੀ ਐੱਸਟੀਐੱਫ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਇਹ ਕਹਿਣਾ ਗਲਤ ਹੋਵੇਗਾ ਕਿ ਦਿੱਲੀ ਵਿਚ ਫੜ੍ਹੀ ਗਈ ਤੇ ਪੰਜਾਬ ਆਉਣੀ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਸੁਫ਼ਨੇ ਵਾਲੀ ਗੱਲ ਹੈ ਅਤੇ ਜੇ ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਪੰਜਾਬ ਦੀ ਐਸਟੀਐੱਫ ਨਸ਼ਿਆਂ ਖਿਲਾਫ਼ ਸਖ਼ਤ-ਕਾਂਗਰਸ
ਬਹਰਹਾਲ ਭਾਵੇਂ ਮਾਹਿਰਾਂ ਦੀ ਮੰਨੀਏ ਭਾਵੇਂ ਰਾਜਨੀਤੀ ਪਾਰਟੀਆਂ ਦੀ ਇਹ ਗੱਲ ਤਾਂ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਵਿੱਚ ਪਹਿਲਾਂ ਵੀ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਵਾਸਤੇ ਨਸ਼ੇ ਦਾ ਇਸਤੇਮਾਲ ਹੁੰਦਾ ਰਿਹਾ ਅਤੇ ਇਸ ਵਾਰ ਵੀ ਇਸ ਦੀ ਤਿਆਰੀ ਖਿੱਚ ਦਿੱਤੀ ਗਈ ਹੈ ਜਿਸ ਦਾ ਉਦਹਾਰਣ ਵੱਡੀ ਮਾਤਰਾ ਵਿੱਚ ਡਰੱਗਜ਼ ਦਾ ਫੜ੍ਹੇ ਜਾਣਾ ਹੈ।
ਹੁਣ ਵੱਡਾ ਸਵਾਲ ਜਿਥੇ ਆਮ ਲੋਕਾਂ ਸਾਹਮਣੇ ਖੜ੍ਹਾ ਹੋ ਰਿਹਾ ਹੈ ਕਿ ਉਹ ਸੋਚਣ ਕਿ ਉਨ੍ਹਾਂ ਨੂੰ ਚੰਗਾ ਵਸਦਾ ਪੰਜਾਬ ਚਾਹੀਦਾ ਜਾਂ ਫਿਰ ਖੋਖਲਾ ਅਤੇ ਇਸ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਸੋਚ ਸਮਝ ਕੇ ਕਰਨ। ਇਸਦੇ ਨਾਲ ਹੀ ਚੋਣ ਕਮਿਸ਼ਨ ਅੱਗੇ ਵੀ ਵੱਡੀ ਚੁਣੌਤੀ ਰਹੇਗੀ ਕੀ ਉਹ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਸਤੇ ਜਾਗਰੂਕ ਕਰਨ ਤਾਂ ਕਿ ਰਾਜਨੀਤਕ ਪਾਰਟੀਆਂ ਜਾਂ ਲੋਕ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਵਾਸਤੇ ਨਸ਼ੇ ਜਾਂ ਕਿਸੇ ਹੋਰ ਲੁਭਾਉਣੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰ ਸਕਣ।
ਇਹ ਵੀ ਪੜ੍ਹੋ: ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ