ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਵਿਭਾਗ ਵਿੱਚ ਜੀਓ ਦੇ ਸਿਮ ਕਾਰਡ ਦਿੱਤੇ ਜਾਣ ਦਾ ਮਾਮਲਾ ਸਦਨ 'ਚ ਗੂੰਜਿਆ। ਦਰਅਸਲ ਪੀਐਸਪੀਸੀਐਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਿਮ ਕਾਰਡ ਵੋਡਾਫੋਨ ਆਈਡੀਆ ਦੀ ਕੰਪਨੀ ਤੋਂ ਬਦਲ ਕੇ ਜੀਓ ਸਿਮ ਕਾਰਡ ਜਾਰੀ ਕਰਨ ਦੀਆਂ ਹਦਾਇਤਾਂ ਹੋ ਗਈਆਂ।
ਮੁੱਖ ਇੰਜਨੀਅਰ ਹੈੱਡ ਪ੍ਰਬੰਧਕ ਜਲੰਧਰ ਵੱਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜਨੀਅਰਾਂ ਅਤੇ ਨਿਗਰਾਨ ਇੰਜਨੀਅਰਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀ ਤੇ ਕਰਮਚਾਰੀ ਜਿਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿਮ ਹਨ ਉਹ ਲਿਸਟ ਤਿਆਰ ਕਰਕੇ ਵਿਭਾਗ ਨੂੰ ਭੇਜਣ ਤਾਂ ਜੋ ਉਨ੍ਹਾਂ ਨੂੰ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਵਾਏ ਜਾ ਸਕਣ।
ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਇਸ ਦੌਰਾਨ ਅਡਾਨੀ-ਅੰਬਾਨੀ ਦੇ ਨਾਲ ਮਿਲੇ ਹੋਣ ਦਾ ਕਹਿ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਸਰਕਾਰ ਵੀ ਅੰਬਾਨੀ-ਅਡਾਨੀ ਨਾਲ ਮਿਲੀ ਹੋਈ ਹੈ ਤੇ ਇਹ ਮਿਲ ਕੇ ਜਨਤਾ ਦਾ ਬੇਵਕੂਫ਼ ਬਣਾਉਂਦੇ ਹਨ।
'ਜੀਓ ਵਾਲੇ ਕੋਈ ਦੇਸ਼-ਧਰੋਹੀ ਨਹੀਂ'
ਉਧਰ, ਸਰਕਾਰ ਦਾ ਪੱਖ ਰੱਖਦਿਆਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਵਿਰੋਧੀਆਂ ਨੇ ਸਿਰਫ਼ ਵਿਰੋਧ ਕਰਨਾ ਹੁੰਦਾ ਹੈ ਲੇਕਿਨ ਵਿਰੋਧ ਵੀ ਕਿਸੇ ਹੱਦ ਤਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੀਓ ਵਾਲੇ ਕੋਈ ਦੇਸ਼-ਧਰੋਹੀ ਨਹੀਂ ਹਨ।