ਚੰਡੀਗੜ੍ਹ: ਬੀਤੇ ਸਾਲ 9 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਮੌਕੇ ਉੱਤੇ ਭਾਰਤ ਅਤੇ ਪਾਕਿਸਾਨ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਸੀ, ਤਾਂ ਜੋ ਸਿੱਖ ਸ਼ਰਧਾਲੂ ਪਾਕਿਸਤਾਨ ਵਾਲੇ ਪਾਸੇ ਸਰਹੱਦ ਨੇੜੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਇਸ ਲਾਂਘੇ ਦੇ ਖੁੱਲ੍ਹਣ ਨਾਲ ਭਾਰਤੀ ਸਿੱਖਾਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਅਰਦਾਸ ਨੂੰ ਬੁਰ ਲੱਗਿਆ ਸੀ ਅਤੇ ਉਦੋਂ ਤੋਂ ਹੀ ਪਾਸਪੋਰਟ ਦਿਖਾ ਕੇ ਸਿੱਖ ਸ਼ਰਧਾਲੂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹਨ। ਪਰ ਇਸੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਇੱਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਹੈ ਕਿ ‘’ਸਵੇਰੇ ਕਰਤਾਰਪੁਰ ਜਾਣ ਵਾਲਾ ਵਿਅਕਤੀ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਤੁਸੀ ਉੱਥੇ ਛੇ ਘੰਟੇ ਰਹਿੰਦੇ ਹੋ। ਤੁਹਾਨੂੰ ਉੱਥੇ ਫਾਇਰਿੰਗ ਰੇਜ ਤੱਕ ਲਿਜਾਇਆ ਸਕਦਾ ਹੈ ਅਤੇ ਆਈਡੀ ਤੱਕ ਬਨਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਡੀਜੀਪੀ ਗੁਪਤਾ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਅਤੇ ਰਾਜਨੀਤਿਕ ਬਿਆਨਬਾਜੀ ਸ਼ੁਰੂ ਹੋ ਗਈ। ਇਸੇ ਕੜੀ ਅੰਦਰ ਅਕਾਲੀ ਦਲ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡੀਜੀਪੀ ਦੇ ਇਸ ਬਿਆਨ ਦੀ ਸਖ਼ਤ ਨਿਖੇਦੀ ਕੀਤੀ ਅਤੇ ਇਸੇ ਬਹਾਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ।
ਮਨਜਿੰਦ ਸਿਰਸਾ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪੂਰੇ ਮਾਮਲੇ ਉੱਤੇ ਸਪੱਸ਼ਟੀਕਰਨ ਦੇਣ ਅਤੇ ਡੀਜੀਪੀ ਦਿਨਕਰ ਗੁਪਤਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਡੀਜੀਪੀ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਵੀ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਡੀਜੀਪੀ ਵੱਲੋ ਇਸ ਤਰੀਕੇ ਦਾ ਬਿਆਨ ਦੇਣਾ ਇਕ ਸੋਚੀ ਸਮਝੀ ਸਾਜਿਸ਼ ਹੈ ਜਿਸ ਦੇ ਪਿੱਛੇ ਕਾਂਗਰਸ ਦੀ ਮਨਸਿਕਤਾ ਸਾਫ਼ ਦਿਖਾਈ ਦਿੰਦੀ ਹੈ। ਜਿਹੜੇ ਅਜਿਹੇ ਅਧਿਕਾਰੀਆਂ ਤੋਂ ਬਿਆਨ ਦਵਾਉਂਦੇ ਹਨ। ਲੌਗੋਵਾਲ ਨੇ ਆਰੋਪ ਲਗਾਇਆ ਕਿ ਕਾਂਗਰਸ ਇਹ ਲਾਂਘਾ ਬੰਦ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾ ਦੇਣ ਦੀ ਕੋਈ ਲੋੜ ਨਹੀਂ ਹੈ ਕਿ ਇਹ ਲਾਂਘਾ ਦੋ ਦੇਸ਼ਾ ਦੀ ਸਰਕਾਰ ਨੇ ਆਪਸ ਵਿਚ ਕਰਾਰ ਕਰਕੇ ਖੋਲ੍ਹਿਆ ਹੈ।
ਉੱਧਰ ਇਸ ਪੂਰੇ ਬਿਆਨ ਦੀ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਵੀ ਨਿਖੇਧੀ ਕੀਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਜਰੂਰੀ ਹੈ ਪਰ ਸਾਰੇ ਸ਼ਰਧਾਲੂਆਂ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਧਰੇ ਵੀ ਜਾਇਜ ਨਹੀਂ ਠਹਿਰਾਈ ਜਾ ਸਕਦੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ।
ਓਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੀ ਡੀਜੀਪੀ ਦੇ ਬਹਾਨੇ ਸਰਕਾਰ 'ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇਸ ਬਿਆਨ ਦੀ ਨਿਖੇਦੀ ਕਰਦੇ ਕਿਹਾ ਕਿ ਡੀਜੀਪੀ ਦੇਸ਼ 'ਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ।
ਖੈਰ ਡੀਜੀਪੀ ਦਿਨਕਰ ਗੁਪਤਾ ਦੇ ਇਸ ਵਿਵਾਦਤ ਬਿਆਨ ਉੱਤੇ ਰਾਜਨੀਤੀ ਪੂਰੀ ਤਰ੍ਹਾ ਭੱਖ ਚੁੱਕੀ ਹੈ। ਵਿਰੋਧੀ ਧੀਰਾਂ ਡੀਜੀਪੀ ਦੇ ਬਹਾਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਕਟਘਰੇ ਵਿਚ ਖੜ੍ਹਾ ਕਰ ਰਹੀਆਂ ਹਨ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਆਪਣੇ ਇਸ ਬਿਆਨ ਉੱਤੇ ਡੀਜੀਪੀ ਕੀ ਸਪੱਸ਼ਟੀਕਰਨ ਦਿੰਦੇ ਹਨ।