ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਜਪਾ ਵਫ਼ਦ ਨੇ ਰਾਜਪਾਲ ਤੋਂ ਪੰਜਾਬ ਸਰਕਾਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜੋ: ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਕਾਂਗਰਸ ਹੋਈ ਦੋਫਾੜ
ਰਾਜਪਾਲ ਨਾਲ ਮੁਲਾਕਾਤ ਕਰਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਰਾਣਾ ਗੁਰਮੀਤ ਸੋਡੀ ਅਤੇ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੋਂ ਇਲਾਵਾ ਹੋਰ ਕਈ ਆਗੂ ਗਏ ਸਨ। ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਰਾਜਪਾਲ ਤੋਂ ਗ੍ਰਹਿ ਮੰਤਰੀ ਅਤੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ।
ਉੱਚ ਪੱਧਰੀ ਕਮੇਟੀ ਨੂੰ ਕਰਦੇ ਹਾਂ ਰੱਦ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਨੂੰ ਅਸੀਂ ਰੱਦ ਕਰਦੇ ਹਾਂ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਰੋਨਾ ਦੀ ਗੱਲ ਕਰਕੇ ਪ੍ਰੋਗਰਾਮ ਵਿੱਚ ਨਾ ਆਉਣ ਦੀ ਗੱਲ ਕਹੀ ਹੈ ਤਾਂ ਪ੍ਰੈਸ ਕਾਨਫਰੰਸ ਕਿਵੇਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਚੀਫ ਸੈਕਟਰੀ ਅਤੇ ਡੀਜੀਪੀ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਨਾਲ ਕਿਉਂ ਨਹੀਂ ਸਨ।
3 ਵਜੇ ਹੋਵੇਗੀ ਪ੍ਰੈਸ ਕਾਨਫਰੰਸ
ਅਸ਼ਵਨੀ ਸ਼ਰਮਾ ਨੇ ਕਿਹਾ ਕਿ 3 ਵਜੇ ਪ੍ਰੈਸ ਕਾਨਫਰਸ ਕਰ ਵੱਡੇ ਖੁਲਾਸੇ ਕੀਤੇ ਜਾਣਗੇ ਤੇ ਦੱਸਿਆ ਜਾਵੇਗੀ ਕਿ ਰੈਲੀ ਲਈ ਚੱਲ ਰਹੀਆਂ 3484 ਬੱਸਾਂ ਨੂੰ ਕਿੱਥੇ ਰੋਕਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਅੱਤਵਾਦ ਦੇ ਸਮੇਂ ਪੰਜਾਬ ਨਾਲ ਧੋਖਾ ਕਰਨ ਵਾਲੀ ਕਾਂਗਰਸ ਪੰਜਾਬ ’ਚ ਅੱਗ ਲਾਉਣ ਦੀ ਇਸ ਸਾਜ਼ਿਸ਼ ਨੂੰ ਬੰਦ ਕਰੇ।
ਇਹ ਵੀ ਪੜੋ: ਮੋਦੀ ਦੀ ਸੁਰੱਖਿਆ ਮਾਮਲੇ ’ਚ ਭਲਕੇ ਸੁਪਰੀਮ ਸੁਣਵਾਈ
ਉਹਨਾਂ ਨੇ ਕਿਹਾ ਕਿ ਪੰਜਾਬ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ, ਪਰ ਇਸ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਤੇ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜਪਾਲ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਫਿਰੋਜ਼ਪੁਰ ਦੇ ਹੁਸੈਨੀਵਾਲਾ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਮੱਠ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਰਸਤਾ ਰੋਕੇ ਜਾਣ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਫਸਿਆ ਰਿਹਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਐੱਸ.ਪੀ.ਜੀ. ਨੇ ਆਪਣੀ ਗੱਡੀ ਨੂੰ ਸੰਭਾਲ ਲਿਆ ਅਤੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾ ਲਿਆ। ਸੁਰੱਖਿਆ ਵਿੱਚ ਢਿੱਲ ਦੇਣ ਤੋਂ ਬਾਅਦ, ਪੀਐਮ ਮੋਦੀ ਨੇ ਫਿਰੋਜ਼ਪੁਰ ਵਿੱਚ ਰੈਲੀ ਰੱਦ ਕਰ ਦਿੱਤੀ ਅਤੇ ਬਠਿੰਡਾ ਏਅਰਪੋਰਟ ਪਰਤ ਆਏ।