ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ‘ਚ ਪੜ੍ਹ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ‘ਦੋਸਤੀ’ ਵਰਤਣ ਅਤੇ ਯਕੀਨੀ ਬਣਾਉਣ ਕਿ ਇੱਕ ਵੀ ਭਾਰਤੀ ਵਿਦਿਆਰਥੀ ਨੂੰ ਟਰੰਪ ਪ੍ਰਸਾਸਨ ਜ਼ੋਰ-ਜ਼ਬਰਦਸਤੀ ਨਾਲ ਅਮਰੀਕਾ ਛੱਡਣ ਲਈ ਮਜਬੂਰ ਨਹੀਂ ਕਰੇਗਾ।
ਭਗਵੰਤ ਮਾਨ ਨੇ ਦੱਸਿਆ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਸ਼ੰਕਰ ਨੂੰ ਪੱਤਰ ਲਿਖ ਕੇ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਤੁਰੰਤ ‘ਵ੍ਹਾਈਟ ਹਾਊਸ’ ਨਾਲ ਰਾਬਤਾ ਬਣਾਉਣ ਦੀ ਗੱਲ ਆਖੀ ਹੈ।
ਯਾਰੀ ਵਿਖਾਉਣ ਦਾ ਵੇਲਾ
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਤੁਹਾਡੀ ਡੋਨਲਡ ਟਰੰਪ ਨਾਲ ‘ਦੋਸਤੀ’ ਦੀ ਦੁਨੀਆ ਭਰ ‘ਚ ਚਰਚਾ ਰਹਿੰਦੀ ਹੈ। ਹਿਉਸਟਨ ‘ਚ ‘ਹਾਉਡੀ ਮੋਦੀ’ ਪ੍ਰੋਗਰਾਮ ਦੌਰਾਨ ਤੁਸੀਂ (ਮੋਦੀ) ਅਮਰੀਕੀ ਰਾਸ਼ਟਰਪਤੀ ਨਾਲ ਨਿੱਜੀ ਦੋਸਤੀ ਦਾ ਇਜ਼ਹਾਰ ਕਰਦੇ ਹੋਏ ‘ਅਬ ਕੀ ਵਾਰ ਟਰੰਪ ਸਰਕਾਰ’ ਤੱਕ ਦਾ ਨਾਅਰਾ ਲੱਗਾ ਦਿੱਤਾ ਸੀ, ਹਾਲਾਂਕਿ ਪ੍ਰੋਟੋਕੋਲ ਇਸ ਹੱਦ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੰਦਾ।
ਨਮਸਤੇ ਟਰੰਪ ਦਾ ਕੀ ਫ਼ਾਇਦਾ
ਇਸੇ ਤਰਾਂ ਚੋਣਾਂ ਤੋਂ ਪਹਿਲਾਂ ਤੁਸੀਂ ਅਹਿਮਦਾਬਾਦ ‘ਚ 100 ਕਰੋੜ ਰੁਪਏ ਖ਼ਰਚ ਕੇ ‘ਨਮਸਤੇ ਟਰੰਪ’ ਪ੍ਰੋਗਰਾਮ ਕਰਵਾਇਆ ਸੀ। ਜੇ ਤੁਹਾਡੀ (ਮੋਦੀ) ਅਤੇ ਡੋਨਾਲਡ ਟਰੰਪ ਦੀ ‘ਦੋਸਤੀ’ ਇਸ ਕਦਰ ਗੂੜੀ ਹੈ ਤਾਂ ਤੁਹਾਨੂੰ ਬਤੌਰ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ‘ਚ ਪੜ੍ਹਦੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਆਪਣੀ ‘ਦੋਸਤੀ’ ਵਰਤਣੀ ਚਾਹੀਦੀ ਹੈ ਅਤੇ ਹਰ ਹਾਲ ਭਾਰਤੀ ਵਿਦਿਆਰਥੀਆਂ ਨੂੰ ਉਨਾਂ ਦੀ ਪੜਾਈ ਜਾਂ ਵੀਜ਼ਾ ਪੂਰਾ ਹੋਣ ਤੱਕ ਅਮਰੀਕਾ ‘ਚ ਹੀ ਰਹਿਣ ਦੀ ਇਜਾਜ਼ਤ ਦਿਵਾਉਣੀ ਹੋਵੇਗੀ।’’
ਜਦੋਂ ਉਹ ਧੱਕਾ ਕਰ ਸਕਦੇ ਅਸੀਂ ਕਿਓਂ ਨਹੀਂ ?
ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਟਰੰਪ ਕੋਰੋਨਾ ਦੇ ਇਲਾਜ ਲਈ ਭਾਰਤ ਕੋਲੋਂ ਹਾਈਡ੍ਰੋਕਸਾਈਕਲੋਰੋਕਿਨ ਗੋਲ਼ੀਆਂ ਧੱਕੇ ਨਾਲ ਅਮਰੀਕਾ ਮੰਗਵਾ ਸਕਦਾ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਆਪਣੇ ਵਿਦਿਆਰਥੀਆਂ ਲਈ ਅਮਰੀਕਾ ‘ਤੇ ਉਸੇ ਤਰਾਂ ਦਾ ਦਬਾਅ ਕਿਉਂ ਨਹੀਂ ਬਣਾ ਸਕਦੇ।
ਕੀ ਹੈ ਪੂਰਾ ਮਾਮਲਾ
ਜ਼ਿਕਰ ਕਰ ਦਈਏ ਕਿ ਟਰੰਪ ਸਰਕਾਰ ਨੇ ਹਾਲ ਹੀ ਵਿੱਚ ਫ਼ੈਸਲਾ ਦਿੱਤਾ ਹੈ ਕਿ ਜੋ ਵਿਦਿਆਰਥੀ ਕੋਰੋਨਾ ਦੇ ਵੇਲੇ ਆਨਲਾਇਨ ਪੜ੍ਹਾਈ ਕਰਨਗੇ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੰਪ ਸਰਕਾਰ ਦੇ ਇਸ ਫ਼ੈਸਲੇ ਨਾਲ ਅਮਰੀਕਾ ਰਹਿੰਦੇ ਲੱਖਾ ਭਾਰਤੀ ਵਿਦਿਆਰਥੀਆਂ ਉੱਤੇ ਅਮਰੀਕਾ ਛੱਡਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੇ ਉੱਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਲੱਖਾਂ ਰੁਪਏ ਫ਼ੀਸ ਭਰੀ ਹੈ।