ਚੰਡੀਗੜ੍ਹ: ਪਿਟਬੁੱਲ ਦੇ ਹਮਲੇ ਦੀ ਇੱਕ ਘਟਨਾ ਸੈਕਟਰ-30 ਵਿੱਚ ਸਾਹਮਣੇ ਆਈ ਹੈ, ਜਿੱਥੇ ਪਿਟਬੁੱਲ ਨੇ ਇੱਕ 12 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਬੱਚੀ ਜੋ ਕਿ ਪਹਿਲਾ ਵੀ ਪਿਟਬੁੱਲ ਦਾ ਸ਼ਿਕਾਰ ਹੋਈ ਸੀ, ਉਸ ਨੂੰ ਦੁਬਾਰਾ ਪਿਟਬੁੱਲ ਨੇ ਹੀ ਵੱਢ ਲਿਆ। ਪੁਲਿਸ ਵੱਲੋਂ ਇਸ 'ਤੇ ਕਾਰਵਾਈ ਕਰਦੇ ਹੋਏ ਪਿਟਬੁੱਲ ਦੇ ਮਾਲਕ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਨੇ ਕਿਹਾ ਕਿ ਪਿਟਬੁੱਲ ਨੂੰ ਰੱਖਣ ਦੀ ਮਨਾਹੀ ਹੈ ਪਰ ਫਿਰ ਵੀ ਲੋਕ ਅਜਿਹੇ ਕੁੱਤੇ ਪਾਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਉਣ ਜਾਣ ਵਾਲੇ ਲੋਕ ਜਾਂ ਫਿਰ ਜਿੱਥੇ ਸਟਰੀਟ ਡਾਗ ਰਹਿੰਦੇ ਨੇ ਉੱਥੋਂ ਦੇ ਲੋਕ ਹੀ ਕੁੱਤਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਰਹਿੰਦੇ ਹਨ ਜੋ ਕਿ ਬਾਅਦ ਵਿੱਚ ਉਹੀ ਕੁੱਤੇ ਲੋਕਾਂ ਨੂੰ ਵੱਢਦੇ ਹਨ। ਇਸ ਦੇ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਨੇ ਕੁੱਤੇ ਪਾਲੇ ਹੋਏ ਨੇ ਉਹ ਇਸ ਦਾ ਲਾਇਸੈਂਸ ਜ਼ਰੂਰ ਲੈ ਲੈਣ ਤੇ ਕੁੱਤਿਆਂ ਨੂੰ ਰਜਿਸਟਰ ਕਰਵਾਉਣ।