ਚੰਡੀਗੜ: ਆਮ ਆਦਮੀ ਪਾਰਟੀ (ਆਪ) (Aam Admi Party) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Cheema) ਨੇ ਹਰ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਅਤੇ ਮਹਿੰਗਾਈ ਵਧਣ ਲਈ ਕੇਂਦਰ ਦੀ ਨਰਿੰਦਰ ਮੋਦੀ (Narender Modi) ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਨਾਂ ਨੂੰ 'ਲੋਕ ਮਾਰੂ' ਸਰਕਾਰਾਂ ਕਰਾਰ ਦਿੱਤਾ ਹੈ। ਉਨਾਂ ਦੋਸ਼ ਲਾਇਆ ਕਿ 2014 ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ 'ਚ ਵਾਧਾ ਹੋਣ (Hike in petroleum fuel) 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅੱਧ ਨੰਗੇ ਹੋ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਿਆ ਕਰਦੇ ਸਨ, ਅੱਜ ਜਦੋਂ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ, ਉਹ ਸਾਰੇ ਆਗੂ ਚੁੱਪ ਵੱਟੀ ਬੈਠੇ ਹਨ।
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, '' ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ 'ਤੇ ਪ੍ਰਦਰਸ਼ਨ ਕਰਕੇ ਅਤੇ ਚੋਣ ਮੁੱਦਾ ਬਣਾ ਕੇ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ 'ਤੇ ਕਾਬਜ ਹੋਈ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੈਟਰੋਲ 'ਤੇ ਐਕਸਾਇਜ਼ ਡਿਊਟੀ 'ਚ 43 ਫ਼ੀਸਦੀ ਅਤੇ ਡੀਜ਼ਲ 'ਤੇ ਐਕਸਾਇਜ਼ ਡਿਊਟੀ 'ਚ 68.8 ਫ਼ੀਸਦ ਵਾਧਾ ਕੀਤਾ ਹੈ। ਜੋ ਦੇਸ਼ ਦੇ ਲੋਕਾਂ ਨਾਲ ਇੱਕ ਵੱਡਾ ਧੋਖ਼ਾ ਹੈ।''
ਉਨਾਂ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਨੇ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਨੂੰ ਡੀ- ਕੰਟਰੋਲ ਤਾਂ ਜ਼ਰੂਰ ਕੀਤਾ, ਪਰ ਜਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ 'ਤੇਲ ਦੀਆਂ ਕੀਮਤਾਂ ਘਟੀਆਂ ਤਾਂ ਉਸ ਦਾ ਫਾਇਦਾ ਲੋਕਾਂ ਨੂੰ ਨਹੀਂ ਦਿੱਤਾ। ਇਸ ਦੇ ਉਲਟ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤਾਂ ਉਸ ਦਾ ਭਾਰ ਲੋਕਾਂ ਦੀਆਂ ਜੇਬਾਂ 'ਤੇ ਜ਼ਰੂਰ ਪਾਇਆ। ਜੋ ਭਾਰਤੀ ਜਨਤਾ ਪਾਰਟੀ ਦੀ ਜਨ- ਵਿਰੋਧੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਜਿੰਨੀ ਹੀ ਜ਼ਿੰਮੇਵਾਰ ਹੈ, ਜਿਹੜੀ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਅਸੰਵੇਦਨਸ਼ੀਲ ਸਿੱਧ ਹੋਈ ਹੈ। ਚੀਮਾ ਨੇ ਦੋਸ਼ ਲਾਇਆ, ''ਪੰਜਾਬ ਵਿੱਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਗੁਆਂਢੀ ਰਾਜਾਂ ਵਿਚੋਂ ਸਭ ਤੋਂ ਜ਼ਿਆਦਾ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ 'ਤੇ 31.17 ਫ਼ੀਸਦ ਵੈਟ ਅਤੇ ਡੀਜ਼ਲ 'ਤੇ 19.56 ਫ਼ੀਸਦ ਵੈਟ ਵਸੂਲਿਆ ਜਾ ਰਿਹਾ ਹੈ।''
'ਆਪ' ਆਗੂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਡੀਜ਼ਲ ਦੀ ਵਰਤੋਂ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ, ਕਿਉਂਕਿ ਫ਼ਸਲਾਂ ਦੀ ਬਿਜਾਈ, ਸਿੰਜਾਈ, ਕਟਾਈ ਅਤੇ ਮੰਡੀਆਂ ਤੱਕ ਪਹੁੰਚਾਉਣ ਲਈ ਵੱਖ- ਵੱਖ ਮਸ਼ੀਨਰੀ ਡੀਜ਼ਲ 'ਤੇ ਹੀ ਚੱਲਦੀ ਹੈ। ਆਲਮ ਇਹ ਹੈ ਕਿ ਪੰਜਾਬ ਵਿੱਚ ਡੀਜ਼ਲ ਦੀ ਕੀਮਤ ਵੀ 100 ਰੁਪਏ ਤੱਕ ਪਹੁੰਚ ਗਈ ਹੈ, ਜਿਸ ਦਾ ਕਿਸਾਨਾਂ 'ਤੇ ਬਹੁਤ ਜ਼ਿਆਦਾ ਆਰਥਿਕ ਭਾਰ ਪੈ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੀਜ਼ਲ- ਪੈਟਰੋਲ 'ਤੇ ਵੈਟ ਦੀ ਦਰ ਗੁਆਂਢੀ ਰਾਜਾਂ ਤੋਂ ਜ਼ਿਆਦਾ ਹੋਣ ਕਾਰਨ ਜਿਥੇ ਖਪਤਕਾਰ ਲੁੱਟੇ ਜਾ ਰਹੇ ਹਨ, ਉਥੇ ਹੀ ਪੈਟਰੋਲ ਪੰਪ ਮਾਲਕ ਵੀ ਪ੍ਰੇਸ਼ਨ ਹੋ ਰਹੇ ਹਨ, ਕਿਉਂਕਿ ਖਪਤਕਾਰ ਗੁਆਂਢੀ ਰਾਜਾਂ ਦੇ ਪੰਪਾਂ ਤੋਂ ਪੈਟਰੋਲ- ਡੀਜ਼ਲ ਖ਼ਰੀਦ ਰਹੇ ਹਨ। ਚੀਮਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ- ਡੀਜ਼ਲ 'ਤੇ ਲਾਏ ਗਏ ਟੈਕਸ ਘਟਾਏ ਜਾਣ ਤਾਂ ਜੋ ਇਨਾਂ ਦੀਆਂ ਕੀਮਤਾਂ ਘੱਟ ਹੋਣ ਅਤੇ ਮਹਿੰਗਾਈ ਨੂੰ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫਾ, ਬਣਾਈ ਨਵੀਂ ਪਾਰਟੀ