ਚੰਡੀਗੜ੍ਹ: ਪਲਵਲ ਦੇ ਪ੍ਰੇਮੀ ਜੋੜੇ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਦੇ ਦੋਵਾਂ ਦੇ ਦਾਦੇ ਆਪਸ 'ਚ ਭਰਾ ਹਨ, ਇਸ ਲਈ ਉਨ੍ਹਾਂ ਦੀ ਜਾਨ ਖ਼ਤਰਾ ਹੈ। ਪਟੀਸ਼ਨ 'ਚ ਲਿਖਿਆ ਗਿਆ ਹੈ ਕਿ ਭਾਵੇਂ ਦੋਵਾਂ ਦਾ ਰਿਸ਼ਤਾ ਗੈਰ ਕਾਨੂੰਨੀ ਹੈ, ਪਰ ਉਨ੍ਹਾਂ ਦੀ ਜ਼ਿੰਦਗੀ ਦੀ ਸੁਰੱਖਿਆ ਦਾ ਅਧਿਕਾਰ ਉਨ੍ਹਾਂ ਤੋਂ ਨਹੀਂ ਖੋਹਿਆ ਜਾ ਸਕਦਾ।
ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਪਲਵਲ ਦੇ ਐੱਸ.ਪੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਆਪਣੀ ਪਟੀਸ਼ਨ 'ਚ ਪ੍ਰੇਮੀ ਜੋੜੇ ਨੇ ਕਿਹਾ ਕਿ ਦੋਵੇਂ ਕਾਫ਼ੀ ਸਮੇਂ ਤੋਂ ਇੱਕ ਦੂਜੇ ਨਾਲ ਪ੍ਰੇਮ ਸੰਬੰਧ 'ਚ ਸਨ ਅਤੇ ਦੋਵਾਂ ਨੇ ਹਾਲ ਹੀ 'ਚ ਵਿਆਹ ਕਰਵਾ ਲਿਆ ਹੈ। ਦੋਵਾਂ ਦਾ ਇਹ ਪਹਿਲਾਂ ਵਿਆਹ ਹੈ ਅਤੇ ਦੋਵੇਂ ਹੀ ਉਮਰ ਵਜੋਂ ਬਾਲਗ ਹਨ ਪਰ ਉਨ੍ਹਾਂ ਦੋਵਾਂ ਦੇ ਦਾਦੇ ਆਪਸ 'ਚ ਭਰਾ ਹਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੈ।
ਇਹ ਵੀ ਪੜ੍ਹੋ:ਪੂਣੇ 'ਚ ਹੋਟਲ ਮਾਲਕ 'ਤੇ ਹਮਲਾ, ਘਟਨਾ ਸੀਸੀਟੀਵੀ 'ਚ ਹੋਈ ਕੈਦ
ਪਟੀਸ਼ਨ 'ਤੇ ਹਾਈ ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਵਿਆਹ ਨੂੰ ਜਾਇਜ਼ ਜਾਂ ਗੈਰਕਾਨੂੰਨੀ ਘੋਸ਼ਿਤ ਕਰਨ ਲਈ ਨਹੀਂ ਹੈ, ਬਲਕਿ ਅਜਿਹੀ ਸਥਿਤੀ 'ਚ ਸੁਰੱਖਿਆ ਦੀ ਮੰਗ ਕਰਨ ਲਈ ਹੈ। ਭਾਵੇਂ ਕਿ ਦੋਵਾਂ ਦਾ ਰਿਸ਼ਤਾ ਹਿੰਦੂ ਮੈਰਿਜ ਐਕਟ ਦੇ ਅਧੀਨ ਨਹੀਂ ਹੈ, ਪਰ ਉਨ੍ਹਾਂ ਦੀ ਸੁਰੱਖਿਆ ਦਾ ਅਧਿਕਾਰ ਨਹੀਂ ਖੋਹਿਆ ਜਾ ਸਕਦਾ।
ਜਿਸ ਤੋਂ ਬਾਅਦ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਐੱਸ.ਪੀ ਪਲਵਲ ਨੂੰ ਵੀ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਉਹ ਆਨਰ ਕਿਲਿੰਗ ਦਾ ਸ਼ਿਕਾਰ ਨਾ ਹੋ ਜਾਣ। ਉਥੇ ਹੀ ਪਲਵਲ ਦੇ ਐੱਸ.ਪੀ ਨੂੰ ਅਗਲੀ ਸੁਣਵਾਈ 'ਚ ਹਲਫ਼ਨਾਮਾ ਵੀ ਰੋਕਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:5 ਪੈਸੇ ਦੀ ਬਰਿਆਨੀ ਦਾ ਆਫ਼ਰ ਦੁਕਾਨਦਾਰ ਨੂੰ ਪਿਆ ਮਹਿੰਗਾ