ਚੰਡੀਗੜ੍ਹ: ਐਤਵਾਰ ਨੂੰ ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾਂ ਉੱਤੇ ਨਿਹੰਗਾਂ ਦੇ ਬਾਣੇ ਵਿੱਚ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੇ ਹਮਲੇ ਦੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਹਮਲੇ ਵਿੱਚ ਇੱਕ ਮੁਲਾਜ਼ਮ ਦਾ ਹੱਥ ਵੱਢਿਆ ਗਿਆ ਸੀ।
ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਦੇ ਮੈਂਬਰ ਬੇਹੱਦ ਬਹਾਦਰੀ, ਲਗਨ ਅਤੇ ਨਿਰਸੁਆਰਥ ਕੁਰਬਾਨੀ ਦੀ ਭਾਵਨਾ ਨਾਲ ਇੱਕ ਬਹੁਤ ਹੀ ਮੁਸ਼ਕਿਲ ਕਾਰਜ ਕਰ ਰਹੇ ਹਨ। ਉਹ ਸਾਡੀ ਹਮਾਇਤ ਦੇ ਹੱਕਦਾਰ ਹਨ, ਨਾ ਕਿ ਅਜਿਹੇ ਘਟੀਆ ਵਤੀਰੇ ਦੇ, ਜਿਹੜਾ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਨ੍ਹਾਂ ਨਾਲ ਕੀਤਾ ਗਿਆ ਹੈ।
ਡਾਕਟਰਾਂ, ਨਰਸਾਂ ਅਤੇ ਬਾਕੀ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਬਾਦਲ ਨੇ ਉਨ੍ਹਾਂ ਨੂੰ ਅੱਜ 'ਮਨੁੱਖਤਾ ਦੇ ਸੱਚੇ ਨਾਇਕ' ਕਰਾਰ ਦਿੱਤਾ। ਬਾਦਲ ਨੇ ਲੋਕਾਂ ਨੂੰ ਇਨ੍ਹਾਂ ਯੋਧੇ ਸਿਹਤ ਕਾਮਿਆਂ ਦੇ ਪਰਿਵਾਰਾਂ ਨਾਲ ਡਟ ਕੇ ਖੜਨ ਅਤੇ ਉਨ੍ਹਾਂ ਦੀ ਪੂਰੀ ਹਮਾਇਤ ਕਰਨ ਲਈ ਆਖਿਆ।
ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਕਿੰਨੇ ਰਿਣੀ ਹਾਂ, ਇਸ ਨੂੰ ਬਿਆਨ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਦੇਸ਼ ਦੇ ਲੋਕਾਂ ਅਤੇ ਖ਼ਾਸ ਕਰ ਕੇ ਪੰਜਾਬੀਆਂ ਅਤੇ ਕੁੱਲ ਦੁਨੀਆ ’ਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜ਼ਿੰਮੇਵਾਰ ਅਤੇ ਸੂਝਵਾਨ ਨਾਗਰਿਕ ਹੋਣ ਦੀ ਮਿਸਾਲ ਪੇਸ਼ ਕਰਨਾ ਜਾਰੀ ਰੱਖਣ ਅਤੇ ਦੁਨੀਆ ਭਰ ’ਚ ਚਲਾਈ ਜਾ ਰਹੀ ਲੰਗਰ ਸੇਵਾ ’ਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਣ।