ਚੰਡੀਗੜ੍ਹ: ਸਰਕਾਰੀ ਨੌਕਰੀਆਂ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਪਹੁੰਚੇ ਪੰਜਾਬ ਦੇ ਪੈਰਾਲੰਪਿਕ ਖਿਡਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਲਾਉਣ ਤੋਂ ਬਾਅਦ ਸੈਕਟਰ 25 ਦੇ ਰੈਲੀ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਖਿਡਾਰੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਇਹ ਭੁੱਖ ਹੜਤਾਲ ਤਿੰਨ ਦਿਨ ਤੱਕ ਜਾਰੀ ਰਹੇਗੀ ਜਿਸ ਤੋਂ ਬਾਅਦ ਮੁੜ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਾਇਆ ਜਾਵੇਗਾ। ਇਸ ਦੇ ਬਾਵਜੂਦ ਵੀ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਸਾਰੇ ਖਿਡਾਰੀ ਰਲ ਕੇ ਮਰਨ ਵਰਤ ਸ਼ੁਰੂ ਕਰਨਗੇ।
ਸੰਜੀਵ ਕੁਮਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਖਿਡਾਰੀਆਂ ਦਾ ਮਾਮਲਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਸਿਆਸੀ ਪਾਰਟੀ ਦਖ਼ਲ ਨਾ ਕਰੇ। ਦੱਸ ਦਈਏ, ਖਿਡਾਰੀਆਂ ਨੇ ਸਰਕਾਰ ਨੂੰ 72 ਘੰਟੇ ਦਾ ਸਮਾਂ ਦਿੱਤਾ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਮਰਨ ਵਰਤ 'ਤੇ ਬੈਠਣਗੇ। ਇਨ੍ਹਾਂ ਖਿਡਾਰੀਆਂ ਦੀ ਇੱਕ ਹੀ ਮੰਗ ਸਰਕਾਰੀ ਨੌਕਰੀਆਂ ਦੀ ਹੈ ਕਿਉਂਕਿ ਖੇਡਾਂ ਵਿੱਚ ਤਮਗ਼ੇ ਜਿੱਤਣ ਦੇ ਬਾਵਜੂਦ ਇਹ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ।