ਚੰਡੀਗੜ੍ਹ: ਸ਼ਹਿਰ ਦੇ ਇੱਕ ਨਿੱਜੀ ਰੇਡੀਓ ਚੈਨਲ ਦੇ 2 ਰੇਡੀਓ ਜੌਕੀ ਵਿਰੁੱਧ ਭੱਦੀ ਸ਼ਬਦਾਬਲੀ ਤੇ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਚਲਾਉਣ ਲਈ ਉਨ੍ਹਾਂ 'ਤੇ ਪੰਡਿਤਰਾਓ ਧਰੇਨਵਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਧਰੇਨਵਰ ਨੇ ਰੈੱਡ ਐਫ਼ਐਮ ਦੇ ਆਰ.ਜੇ. ਅਮਰ ਤੇ ਆਰ.ਜੇ. ਸਨੀ ਵਿਰੁੱਧ ਸ਼ਿਕਾਇਤ 'ਚ ਦੱਸਿਆ ਹੈ ਕਿ ਉਨ੍ਹਾਂ ਆਪਣੇ ਰੇਡੀਓ ਸ਼ੋਅ ਦੌਰਾਨ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਚਲਾਇਆ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਅੱਗੇ ਕਿਹਾ ਕਿ ਇਹ ਦੋਵੇਂ ਆਰ.ਜੇ. ਸ਼ੋਅ ਦੌਰਾਨ ਭੱਦੀ ਸ਼ਬਦਾਬਲੀ ਦਾ ਵੀ ਇਸਤੇਮਾਲ ਕਰਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 22 ਅਗਸਤ ਨੂੰ ਇਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਆਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਆਦੇਸ਼ਾ ਮੁਤਾਬਕ 'ਚ ਕੋਈ ਵੀ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਤੇ ਹਿੱਸਾ ਨੂੰ ਵਧਾਵਾ ਦੇਣ ਵਾਲੀ ਗੱਲ ਲਾਈਵ ਸ਼ੋਅ ਦੌਰਾਨ ਨਹੀਂ ਕੀਤੀ ਜਾਵੇਗੀ। ਧਰੇਨਵਰ ਨੇ ਆਪਣੀ ਸ਼ਿਕਾਇਤ 'ਚ ਮੰਗ ਕੀਤੀ ਹੈ ਕਿ ਦੋਵੇਂ ਆਰ.ਜੇ. 'ਤੇ ਸਮਨ ਜਾਰੀ ਕਰ ਇਸ ਗੀਤ ਨੂੰ ਚਲਾਉਣ ਦੇ ਇਰਾਦੇ ਦਾ ਜਵਾਬ ਲਿਆ ਜਾਵੇ।
ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਤਾਂ ਉਹ ਇਸ ਦਾ ਜ਼ਿੰਮੇਵਾਰ ਸ਼ਹਿਰ ਦੇ ਡਿਪਟੀ ਕਮਿਸ਼ਨਰ, ਐਸਐਸਪੀ ਤੇ ਐਸਪੀ ਨੂੰ ਮੰਨਣਗੇ। ਇਸ ਤੋਂ ਬਾਅਦ ਉਹ ਉਨ੍ਹਾਂ ਵਿਰੁੱਧ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰਵਾਉਣਗੇ, ਕਿਉਂਕਿ ਡਿਪਟੀ ਕਮਿਸ਼ਨਰ, ਐਸਐਸਪੀ ਤੇ ਐਸਪੀ ਕੋਰਟ ਦੇ ਹੁਕਮਾਂ ਨੂੰ ਸ਼ਹਿਰ 'ਚ ਚੰਗੀ ਤਰ੍ਹਾਂ ਲਾਗੂ ਕਰਨ 'ਚ ਅਸਫ਼ਲ ਰਹੇ ਹਨ।