ਚੰਡੀਗੜ: ਪੰਜਾਬ ਅਤੇ ਹਰਿਆਣਾ ਪੁਲਿਸ ਨੇ ਸਿਰਸੇ ਨੇੜੇ ਇੱਕ ਸਾਂਝੀ ਕਾਰਵਾਈ ਵਿੱਚ ਪੰਜਾਬ ਦੇ ਅਤਿ ਲੋੜੀਂਦੇ ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਨਸ਼ਾ ਅੱਤਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ। ਉਨਾਂ ਨੇ ਦਰਿੜਤਾ ਜ਼ਾਹਰ ਕਰਦਿਆਂ ਆਖਿਆ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਪੰਜਾਬ ਪੁਲੀਸ ਪੂਰੀ ਤਰਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਵੱਡੀ ਮੱਛੀਆਂ ਨੂੰ ਕਾਬੂ ਕਰਨ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਸਾਨੂੰ ਸਭ ਕੁਝ ਦਿਸ ਰਿਹਾ ਹੈ ਕਿ ਪਾਕਿਸਤਾਨ ਕਰ ਕੀ ਰਿਹਾ ਹੈ?’’ ਲੋਕਾਂ ਨੂੰ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਫੋਰਸ ਭਾਵੇਂ ਕੋਵਿਡ ਦੀਆਂ ਡਿਊਟੀਆਂ ਵਿੱਚ ਕਿੰਨੀ ਵੀ ਰੁੱਝੀ ਕਿਉਂ ਨਾ ਹੋਵੇ, ਸਰਹੱਦ ’ਤੇ ਪੂਰੀ ਨਿਗਾਹ ਰੱਖ ਰਹੀ ਹੈ। ਉਨਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੁਲਿਸ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਤਾਜ਼ਾ ਗ੍ਰਿਫਤਾਰੀਆਂ ਦੇ ਨਾਲ-ਨਾਲ ਹਿਜ਼ਬੁਲ ਮੁਜਾਹੀਦੀਨ ਖਿਲਾਫ਼ ਜੰਮੂ ਕਸ਼ਮੀਰ ਵੱਲੋਂ ਚਲਾਏ ਆਪਰੇਸ਼ਨਾਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਉਨਾਂ ਨੇ ਹਿਲਾਲ ਦੀ ਗ੍ਰਿਫਤਾਰੀ ਦਾ ਹਵਾਲਾ ਦਿੱਤਾ ਜੋ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਕਾਰਕੁੰਨ ਸੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਦਾ ਕਮਾਂਡਰ ਨਾਇਕੂ ਜਿਸ ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਹਲਾਕ ਕਰ ਦਿੱਤਾ ਸੀ, ਦਾ ਨੇੜਲਾ ਸਾਥੀ ਸੀ।
ਕੈਪਟਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਪਾਕਿਸਤਾਨ ਵੱਲੋਂ ਨਸ਼ੇ, ਹਥਿਆਰ ਅਤੇ ਨਸ਼ਾ ਦਾ ਪੈਸਾ ਧੱਕਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ, ਕਿਉਂ ਜੋ ਗੁਆਂਢੀ ਮੁਲਕ ਸੂਬੇ ਨੂੰ ਅਸਥਿਰ ਕਰਕੇ ਇੱਥੋਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ। ਉਨਾਂ ਕਿਹਾ,‘‘ਅਸੀਂ ਅਜਿਹਾ ਵਾਪਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵਾਂਗੇ।’’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਅਤੇਂ ਸੀਮਾ ਸੁਰੱਖਿਆ ਬਲ (ਸੀਮਾ ‘ਤੇ ਸੁਰੱਖਿਆ ਦੀ ਪਹਿਲੀ ਕਤਾਰ) ਵੱਲੋਂ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਮਾਤ ਦੇਣ ਲਈ ਪੂਰੀ ਤਰਾਂ ਮੁਸਤੈਦੀ ਵਰਤੀ ਜਾ ਰਹੀ ਹੈ। ਉਨਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਪੁਲੀਸ ਲਗਾਤਾਰ ਚੌਕਸੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਅਜਿਹੇ ਘਿਨਾਉਣੇ ਕਾਰਿਆਂ ਨੂੰ ਸਿਰੇ ਨਾ ਚੜਨ ਦਿੱਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ‘‘ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨੇ ਸੋਚਿਆ ਹੋਵੇਗਾ ਕਿ ਪੁਲਿਸ ਕਰਮੀਆਂ ਦੀ ਕੋਵਿਡ-19 ਡਿਊਟੀ ਅਤੇ ਸਰੋਤਾਂ ਦੀ ਵੰਡ ਹੋਣ ਕਾਰਨ ਪੈਦਾ ਹੋਏ ਖਲਾਅ ਦਾ ਲਾਭ ਲੈਦਿਆਂ ਉਹ ਪੰਜਾਬ ‘ਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਅਸ਼ਾਂਤੀ ਪੈਦਾ ਕਰ ਦੇਣਗੇ। ਭਾਵੇਂ ਅੱਧੀ ਪੁਲੀਸ ਫੋਰਸ ਕਰਫਿਊ ਦੀ ਡਿਊਟੀ ਅਤੇ ਮਾਨਵਤਾ ਭਲਾਈ ਲਈ ਕੰਮ ਕਰ ਰਹੀ ਹੈ ਪਰ ਉਹ ਨਾਲ ਦੀ ਨਾਲ ਸੀਮਾ ‘ਤੇ ਵਾਪਰ ਰਹੀਆਂ ਗਤੀਵਿਧੀਆਂ ‘ਤੇ ਵੀ ਗਹਿਰੀ ਨਿਗਾ ਰੱਖ ਰਹੀ ਹੈ‘‘।
ਉਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਦੇਸ਼ ਵਿਰੋਧੀ ਅਨਸਰਾਂ ਨੂੰ ਫੜ ਕੇ ਸ਼ਲਾਖਾਂ ਪਿੱਛੇ ਸੁੱਟਿਆ ਭੇਜਿਆ ਜਾਵੇ ਜਿੱਥੇ ਉਨਾਂ ਦੀ ਅਸਲੀ ਥਾਂ ਹੈ। ਸੂਬੇ ਦੇ ਲੋਕਾਂ ਨਾਲ ਪੰਜਾਬ ਅੰਦਰ ਨਸ਼ਿਆਂ ਦੇ ਧੰਦੇ ਦਾ ਲੱਕ ਤੋੜ ਦੇਣ ਬਾਰੇ ਕੀਤੇ ਆਪਣੇ ਵਾਅਦੇ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਉਰਫ ਚੀਤਾ ਦੀ ਗ੍ਰਿਫਤਾਰੀ ਨੇ ਇਸ ਨੂੰ ਪ੍ਰਭਾਵੀ ਰੂਪ ਵਿੱਚ ਕਰ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2017 ‘ਚ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਪੁਲਿਸ ਵੱਲੋਂ ਦਹਿਸ਼ਤਗਰਦੀ ਤਾਕਤਾਂ ਨੂੰ ਨੱਥ ਪਾਉਣ ਲਈ ਪੂਰੀ ਚੌਕਸੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਅਜਿਹੇ 32 ਗ੍ਰੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ 155 ਦਹਿਸ਼ਤਗਰਦਾਂ ਅਤੇ ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਹਥਿਆਰਾਂ, ਜਿਨ੍ਹਾਂ ਵਿੱਚ ਵਿਦੇਸ਼ਾਂ ‘ਚ ਬਣੇ ਹਥਿਆਰ ਅਤੇ ਚੀਨ ਵਿੱਚ ਬਣੇ ਡਰੋਨ ਸ਼ਾਮਲ ਹਨ, ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।