ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਦੇ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਬੈਠਕ ਕਰ ਕੋਰੋਨਾ ਵਾਇਰਸ ਮਹਾਂਮਾਰੀ ਸਣੇ ਕਿਸਾਨਾਂ ਅਤੇ ਬੇਅਦਬੀ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਬੈਠਕ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਜੇਕਰ ਸੂਬੇ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਹਨ ਤਾਂ ਕੀਤੀ ਗਈ ਸਖ਼ਤੀ ਕਾਫ਼ੀ ਹੈ। ਜੇਕਰ ਪ੍ਰਬੰਧ ਨਹੀਂ ਹਨ ਤਾਂ ਲੋਕ ਡਾਫ ਲਗਾ ਦੇਣਾ ਚਾਹੀਦਾ ਹੈ, ਕਿਉਂਕਿ ਸਭ ਤੋਂ ਵੱਧ ਗ਼ਰੀਬ ਤਬਕੇ ਦੇ ਲੋਕਾਂ ਦੀ ਮੌਤ ਜ਼ਿਆਦਾ ਹੋ ਰਹੀ ਹੈ ਤਾਂ ਉਥੇ ਹੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੇ ਨਕੇਲ ਕੱਸਣ ਦੀ ਗੱਲ ਮੁੱਖ ਮੰਤਰੀ ਨੂੰ ਆਖੀ ਗਈ।
ਇਹ ਵੀ ਪੜੋ: ਕੋਰੋਨਾ ਦਾ ਡਰ ! ਅਸਥੀਆਂ ਵੀ ਲੈਣ ਨਹੀਂ ਪੁੱਜ ਰਹੇ ਪਰਿਵਾਰ
ਪਾਕਿਸਤਾਨ ਤੋਂ ਮੰਗਵਾਈ ਜਾ ਸਕਦੀ ਹੈ ਆਕਸੀਜਨ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 2400 ਕਿਲੋਮੀਟਰ ਦੂਰ ਬੋਕਾਰੋ ਤੋਂ ਆਕਸੀਜਨ ਮੰਗਵਾਉਣ ਦੀ ਥਾਂ 24 ਕਿਲੋਮੀਟਰ ਦੂਰ ਪਾਕਿਸਤਾਨ ਤੋਂ ਅੰਮ੍ਰਿਤਸਰ ਬਾਰਡਰ ਰਾਹੀਂ ਆਕਸੀਜਨ ਮੰਗਵਾਈ ਜਾ ਸਕਦੀ ਹੈ। ਜਿਸ ਲਈ ਪਾਕਿਸਤਾਨ ਦੀ ਮਦਦ ਸਬੰਧੀ ਤਿਆਰ ਬੈਠਾ ਹੈ। ਜਿਸ ਦੇ ਜਵਾਬ ਵਜੋਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਚਾਰ ਦਿਨ ਪਹਿਲਾਂ ਕੇਂਦਰ ਨੂੰ ਚਿੱਠੀ ਲਿੱਖ ਪਾਕਿਸਤਾਨ ਤੋਂ ਆਕਸੀਜਨ ਖ਼ਰੀਦਣ ਦੀ ਮੰਗ ਕੀਤੀ ਗਈ ਸੀ ਪਰ ਨਰਿੰਦਰ ਮੋਦੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
‘ਦਿੱਲੀ ਸਰਕਾਰ ਦੇ ਵਾਂਗ ਪੰਜਾਬ ਵੀ ਹਾਈਕੋਰਟ ਜਾਵੇ’
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਰਕਾਰ ਦੀ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਂਦਰ ਸਰਕਾਰ ਖ਼ਿਲਾਫ਼ ਅਰਜ਼ੀ ਦੇਣ ਦੀ ਮੰਗ ਕੀਤੀ ਜਿਸ ਨਾਲ ਪੰਜਾਬ ਨੂੰ ਵੀ ਪੂਰੀ ਆਕਸੀਜਨ ਮਿਲੇ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ।
‘12700 ਪਿੰਡਾਂ ਦੇ ਧਾਰਮਿਕ ਸਥਾਨਾਂ ਤੋਂ ਮੰਗੀ ਜਾਵੇ ਮਦਦ’
ਪ੍ਰਤਾਪ ਸਿੰਘ ਬਾਜਵਾ ਸਣੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਮੌਜੂਦ ਗੁਰਦੁਆਰੇ ਮੰਦਰ ਮਸਜਿਦ ਚਰਚ ਤੋਂ ਪੰਜ ਤੋਂ ਦਸ ਬੈੱਡ ਅਤੇ ਆਕਸੀਜਨ ਦੀ ਸੇਵਾ ਦੀ ਮਦਦ ਲਈ ਅਪੀਲ ਕੀਤੀ ਜਾਵੇ ਜਿਸ ਤਰੀਕੇ ਨਾਲ ਦਿੱਲੀ ਵਿਚ ਧਾਰਮਿਕ ਅਸਥਾਨ ਸਰਕਾਰ ਨਾਲ ਮਿਲ ਕੇ ਮੱਦਦ ਕਰ ਰਹੇ ਹਨ ਜਿਸ ਨਾਲ ਹਰ ਇਕ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਫੌਜ ਦੀ ਮਦਦ ਲੈਣੀ ਚਾਹੀਦੀ ਹੈ।
ਕਿਸਾਨਾਂ ਨੂੰ ਦੁਕਾਨਦਾਰਾਂ ਨਾਲ ਮਿਲ ਕੇ ਪ੍ਰਦਰਸ਼ਨ ਨਾ ਕਰਨ ਦੀ ਕੀਤੀ ਅਪੀਲ
ਕਿਸਾਨਾਂ ਵੱਲੋਂ ਦੁਕਾਨਦਾਰਾਂ ਦੇ ਹੱਕ ਵਿੱਚ ਸਰਕਾਰ ਖ਼ਿਲਾਫ਼ 8 ਤਾਰੀਖ ਨੂੰ ਸੂਬੇ ਭਰ ਵਿੱਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਨਾ ਕਰਨ ਦੀ ਅਪੀਲ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਹੁਣ ਨੌਜਵਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਹੀ ਹੈ। ਅਜਿਹੇ ਪ੍ਰਦਰਸ਼ਨ ਕਰਨ ਨਾਲ ਕਿਸਾਨ ਆਪਣਾ ਨੁਕਸਾਨ ਕਰਵਾ ਸਕਦੇ ਹਨ ਅਤੇ ਉਹ ਅਪੀਲ ਕਰਦੇ ਹਨ ਕਿ ਵਿਦੇਸ਼ੀ ਮੁਲਕਾਂ ਦੀ ਤਰਜ਼ ਤੇ ਜਲਦ ਤੋਂ ਜਲਦ ਕਿਸਾਨ ਆਗੂ ਅਤੇ ਨੌਜਵਾਨ ਵੀ ਵੈਕਸੀਨ ਲਗਵਾਉਣ ਕਿਉਂਕਿ ਹੁਣ ਨਵ ਜਨਮੇ ਬੱਚੇ ਵੀ ਨਵੇਂ ਸਟਰੇਨ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਕਿਸਾਨਾਂ ਨੂੰ ਇਸ ਮਹਾਂਮਾਰੀ ਦਾ ਸਰਕਾਰ ਨਾਲ ਮਿਲ ਕੇ ਸਾਹਮਣਾ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜੋ: ਖਾਕੀ ਦੇ ਖ਼ਲਨਾਇਕ! ਨਸ਼ੇ 'ਚ ਟੱਲੀ ਪੁਲਿਸ ਮੁਲਾਜ਼ਮ ਦੀ ਦੇਖੋ ਕਰਤੂਤ
ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਕਰੇ ਪੂਰੀ ਤਿਆਰੀ
ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਸਣੇ ਆਪਣੀ ਹੀ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਇੱਥੋਂ ਤੱਕ ਕਿਹਾ ਕਿ ਸਾਲ ਬਾਅਦ ਵੀ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸੂਬੇ ਵਿੱਚ ਅੱਜ ਅਜਿਹੇ ਹਾਲਾਤ ਹਨ ਲੇਕਿਨ ਮਾਹਰ ਕਹਿ ਰਹੇ ਹਨ ਕਿ ਜਲਦ ਤੋਂ ਜਲਦ ਪੁਖਤਾ ਪ੍ਰਬੰਧ ਕੀਤੇ ਜਾਣ ਕਿਉਂਕਿ ਸੈਪਟੈਂਬਰ ਤੋਂ ਦਸੰਬਰ ਵਿਚਾਲੇ ਖ਼ਤਰਨਾਕ ਤੀਜੀ ਲਹਿਰ ਵੀ ਆ ਸਕਦੀ ਹੈ। ਜਿਸ ਵਿੱਚ ਜ਼ਿਆਦਾ ਨੁਕਸਾਨ ਹੋਣ ਦਾ ਡਰ ਹੈ ਵਿਦੇਸ਼ੀ ਮੁਲਕਾਂ ਦੀ ਉਦਾਹਰਨ ਦਿੰਦਿਆਂ ਬਾਜਵਾ ਨੇ ਕਿਹਾ ਕਿ ਉਥੋਂ ਦੀ ਜਨਤਾ ਨੇ ਟੀਕਾਕਰਨ ਸਮੇਂ ਸਿਰ ਕਰਵਾ ਲਿਆ ਹੈ ਜਿਸ ਕਾਰਨ ਸੱਤਰ ਤੋਂ ਪਚੱਤਰ ਫ਼ੀਸਦੀ ਲੋਕ ਅਤੇ ਮੁਲਕ ਬਚ ਗਏ ਹਨ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੂੰ ਜ਼ਰੂਰੀ ਦਵਾਈਆਂ ਅਤੇ ਟੀਕੇ ਜਲਦ ਤੋਂ ਜਲਦ ਸੂਬੇ ਨੂੰ ਸਪਲਾਈ ਕਰਨ ਦੀ ਮੰਗ ਕਰਨ ਤਾਂ ਜੋ ਜਲਦ ਤੋਂ ਜਲਦ ਨੌਜਵਾਨਾਂ ਦਾ ਵੀ ਟੀਕਾਕਰਨ ਕੀਤਾ ਜਾ ਸਕੇ।