ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਇੱਕ ਪਾਸੇ ਜਿਥੇ ਪੂਰੇ ਦੇਸ਼ ਵਿੱਚ ਕੰਮ ਠੰਪ ਹੋ ਗਿਆ ਹੈ, ਉਥੇ ਹੀ ਦੇਸ਼ ਦਾ ਭਵਿੱਖ ਘਰ 'ਚ ਬੈਠਾ ਹੈ। ਬੱਚਿਆਂ ਨੂੰ ਇਸ ਲਾਗ ਦੇ ਕਾਰਨ ਬੀਤੇ 3 ਮਹੀਨਿਆਂ ਤੋਂ ਛੁੱਟੀਆਂ ਦਿੱਤੀਆਂ ਹੋਈਆਂ ਹਨ ਤਾਂ ਜੋ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਹਾਲਾਂਕਿ ਕੇਂਦਰ ਸਰਕਾਰ ਹੋਵੇ ਜਾ ਫਿਰ ਸੂਬਾ ਸਰਕਾਰ ਉਨ੍ਹਾਂ ਨੇ ਲੌਕਡਾਊਨ ਦੌਰਾਨ ਵੀ ਬੱਚਿਆਂ ਦੀ ਪੜ੍ਹਾਈ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ 'ਚੋਂ ਇੱਕ ਹੈ ਆਨਲਾਈਨ ਕਲਾਸਾਂ। ਸਰਕਾਰ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਡਿਜ਼ੀਟਲ ਮਾਧਿਅਮ ਨਾਲ ਪੜ੍ਹਾਉਣ ਤਾਂ ਜੋ ਕੋਰੋਨਾ ਦਾ ਅਸਰ ਉਨ੍ਹਾਂ ਦੇ ਭਵਿੱਖ 'ਤੇ ਨਾ ਪਵੇ।
ਅਜਿਹੇ 'ਚ ਸਵਾਲ ਉਠਦਾ ਹੈ ਕਿ ਆਨਲਾਈਨ ਹੋ ਰਹੀ ਪੜ੍ਹਾਈ 'ਚ ਬੱਚਿਆਂ ਨੂੰ ਕਿੰਨੀ ਕੁ ਤਸੱਲੀ ਹੈ। ਪਹਿਲਾ ਬੱਚੇ ਸਕੂਲ ਜਾ ਕੇ ਪੜ੍ਹਾਈ ਕਰਦੇ ਸਨ ਤੇ ਹੁਣ ਉਨ੍ਹਾਂ ਨੂੰ ਆਨਲਾਈਨ ਪੜਨਾ ਪੈ ਰਿਹਾ ਹੈ। ਇਸ 'ਤੇ ਚੰਡੀਗੜ੍ਹ ਦੇ ਰਹਿਣ ਵਾਲੇ ਭੁੱਲਰ ਪਰਿਵਾਰ ਦੇ ਬੱਚਿਆਂ ਨੇ ਦੱਸਿਆ ਕਿ ਸਕੂਲ 'ਚ ਪੜ੍ਹਾਈ ਕਰਨ ਵਿੱਚ ਮਜ਼ਾ ਆਉਂਦਾ ਸੀ ਤੇ ਅਸੀਂ ਆਪਣੇ ਦੋਸਤਾਂ ਨਾਲ ਵੀ ਮਿਲਦੇ ਸਨ। ਪਰ ਹੁਣ ਦੇਸ਼ ਵਿੱਚ ਅਜਿਹੇ ਹਾਲਾਤ ਹਨ ਜਿਸ ਨੂੰ ਵੇਖਦੇ ਹੋਏ ਆਨਲਾਈਨ ਪੜ੍ਹਾਈ ਕਰਨਾ ਹੀ ਠੀਕ ਹੈ।
ਉਨ੍ਹਾਂ ਕਿਹਾ ਕਿ ਸਕੂਲ 'ਚ ਪੜ੍ਹਾਈ ਚੰਗੀ ਤਰ੍ਹਾਂ ਹੁੰਦੀ ਹੈ ਪਰ ਘਰ ਵਿੱਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ 'ਚ ਕਲਾਸ ਦੌਰਾਨ ਘਰ ਦਾ ਕੋਈ ਮੈਂਬਰ ਪਿੱਛੋਂ ਬੋਲਦਾ ਰਹਿੰਦਾ ਹੈ ਜਿਸ ਕਰਕੇ ਉਹ ਪੂਰੀ ਤਰ੍ਹਾਂ ਕਲਾਸ 'ਚ ਧਿਆਨ ਨਹੀਂ ਦੇ ਪਾਉਂਦੇ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਡਿਜ਼ੀਟਲ ਮਾਧਿਆਮ ਨਾਲ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਸਕੂਲਾਂ ਵੱਲੋਂ ਲਿਆ ਗਿਆ ਸਭ ਤੋਂ ਵਧੀਆ ਫ਼ੈਸਲਾ ਹੈ।