ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਨੇ ਆਪਣਾ ਝੰਡਾ ਚੁੱਕ ਲਿਆ ਹੈ ਤੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-17 ਵਿਖੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਮੁੜਗਠਨ ਦਾ ਕੁਹਾੜਾ ਚਲਾ ਕੇ ਸਰਕਾਰੀ ਵਿਭਾਗਾਂ ਨੂੰ ਛਾਂਗ ਰਹੀ ਹੈ ਤੇ ਦੂਜੇ ਪਾਸੇ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੇ ਪੱਕੇ ਪੈਰੀਂ ਫ਼ੈਸਲੇ ਕਰ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।
ਸੁਖਚੈਨ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਜਿਵੇਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ, ਛੇਵਾਂ ਤਨਖਾਹ ਕਮਿਸ਼ਨ ਦੇਣਾ, ਡੀ.ਏ. ਦੀ ਕਿਸ਼ਤਾਂ ਸਮੇਂ ਸਿਰ ਜਾਰੀ ਕਰਨੀਆਂ ਸ਼ਾਮਿਲ ਹਨ, ਉਹ ਪਹਿਲਾਂ ਪੂਰੀਆਂ ਕੀਤੀਆਂ ਜਾਣ ।
ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਤਿੰਨ ਸਾਲ ਦੇ ਪ੍ਰੋਬੇਸ਼ਨ ਪੀਰੀਅਡ 'ਤੇ ਰੱਖਦੀ ਹੈ ਉਸ ਨੂੰ ਵੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਮੁਲਾਜ਼ਮਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਸਾਲ ਦੇ ਆਖਿਰ 'ਚ 6ਵਾਂ ਤਨਖ਼ਾਹ ਕਮਿਸ਼ਨ ਦੇ ਦਿੱਤਾ ਜਾਵੇਗਾ ਪਰ ਸਰਕਾਰ ਕੋਲ ਲੱਗਦਾ ਹੁਣ ਸਿਰਫ ਲਾਰੇ ਹੀ ਰਹਿ ਗਏ ਹਨ ।
ਉਨ੍ਹਾਂ ਕਿਹਾ ਕਿ ਸਾਨੂੰ ਕੋਈ ਉਮੀਦ ਨਹੀਂ ਕਿ ਸਰਕਾਰ 2021 ਵਿੱਚ ਵੀ ਕੋਈ ਮੁਲਾਜ਼ਮਾਂ ਦਾ ਭਲਾ ਕਰੇਗੀ ਇਸ ਕਰ ਕੇ ਹੁਣ ਮੁਲਾਜ਼ਮ ਆਉਂਦੀਆਂ ਚੋਣਾਂ 'ਚ ਸਰਕਾਰ ਨੂੰ ਸੱਤਾ ਤੋਂ ਥੱਲੇ ਲਾਉਣ ਦਾ ਕੰਮ ਕਰਨਗੇ।