ਚੰਡੀਗੜ੍ਹ: ਕਾਫ਼ੀ ਦਿਨਾਂ ਤੋਂ ਸਿਆਸੀ ਬਿਆਨਬਾਜ਼ੀਆਂ ਤੋਂ ਦੂਰ ਰਹੇ ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਤਰ ਵਿੱਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਚੋਣ ਹਲਕੇ 'ਅੰਮ੍ਰਿਤਸਰ ਈਸਟ' ਵਿੱਚ ਵਿਕਾਸ ਨਹੀਂ ਹੋਇਆ ਹੈ ਜੋ ਕਿ ਅੰਮ੍ਰਿਤਸਰ ਦਾ ਇੱਕ ਹਿੱਸਾ ਹੈ। ਇਸ ਕਰਕੇ ਮੁੱਖ ਮੰਤਰੀ 'ਤੇ ਸਿੱਧੂ ਦੇ ਦੋਸਾਂ ਨੂੰ ਕੈਪਟਨ 'ਤੇ ਹਮਲੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਇਹ ਪੱਤਰ ਨਵਜੋਤ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਨੂੰ ਲਿਖਿਆ ਹੈ। ਦੱਸ ਦਈਏ ਕਿ ਸਿੱਧੂ ਨੇ ਕੈਪਟਨ ਨਾਲ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਪਣਾ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਸਿੱਧੂ ਕਿੱਥੇ ਸਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਤੁਹਾਨੂੰ ਦੱਸ ਦਈਏ, ਕਿ ਬਿਹਾਰ ਪੁਲਿਸ ਦੀ ਇਕ ਟੀਮ ਚੋਣ ਜਾ਼ਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਪਿਛਲੇ ਸਾਲ ਤੋਂ ਉਨ੍ਹਾਂ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ। ਹਾਲ ਹੀ ਵਿਚ 24 ਜੂਨ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਇਕ ਨੋਟਿਸ ਵੀ ਲਗਾਇਆ ਗਿਆ ਸੀ। ਸਿੱਧੂ ਖਿਲਾਫ਼ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਆਪਣਾ ਮੰਤਰਾਲਾ ਬਦਲਣ ਤੋਂ ਬਾਅਦ ਪੰਜਾਬ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ, ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਖ਼ਦਸ਼ਾ ਜਤਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਸਿੱਧੂ ਕਾਫੀ ਸਮੇਂ ਤੱਕ ਚੁੱਪ ਰਹੇ।