ਚੰਡੀਗੜ੍ਹ: ਐੱਮ ਡਬਲਯੂ ਡਰੱਗ ਦਾ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਸਹਾਈ ਸਾਬਤ ਹੋਣ ਨੂੰ ਲੈ ਕੇ ਸਾਹਮਣੇ ਆ ਰਹੀਆਂ ਖ਼ਬਰਾਂ ਉੱਤੇ ਪੀਜੀਆਈ ਚੰਡੀਗੜ੍ਹ ਨੇ ਸਪੱਸ਼ਟੀਕਰਨ ਦਿੱਤਾ ਹੈ।
ਪੀਜੀਆਈ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਐੱਮ ਡਬਲਯੂ ਦੀ ਲੰਮੇ ਸਮੇਂ ਦੀ ਕੁਸ਼ਲਤਾ ਅਤੇ ਵਰਤੋਂ ਦੇ ਪ੍ਰਭਾਵਾਂ ਦਾ ਪਤਾ ਇਸ ਸੀਐਸਆਈਆਰ-ਸਹਿਯੋਗੀ ਕਲੀਨਿਕਲ ਟ੍ਰਾਇਲ ਦੀ ਸਮਾਪਤੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਜੋ ਛੇਤੀ ਹੀ ਤਿੰਨੋਂ ਕੇਂਦਰਾਂ ‘ਤੇ ਆਰੰਭ ਕਰ ਦਿੱਤਾ ਜਾਵੇਗਾ।"
ਦੱਸਣਯੋਗ ਹੈ ਕਿ ਪੀਜੀਆਈ ਵੱਲੋਂ 4 ਕੋਵਿਡ-19 ਮਰੀਜ਼ਾਂ ਵਿੱਚ ਮਾਈਕੋਬੈਕਟੀਰੀਅਮ ਡਬਲਯੂ (ਐੱਮ ਡਬਲਯੂ) ਦਾ ਪ੍ਰੀਖਣ ਕੀਤਾ ਗਿਆ ਅਤੇ ਪ੍ਰੀ ਸਟੱਡੀ ਫੇਜ਼ ਵਿੱਚ ਇਸ ਡਰੱਗ ਦੇ ਥੋੜੇ ਸਮੇਂ ਲਈ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ। ਪੀਜੀਆਈ ਚੰਡੀਗੜ੍ਹ ਨੇ ਏਮਜ਼-ਦਿੱਲੀ ਅਤੇ ਏਮਜ਼-ਭੋਪਾਲ ਦੇ ਨਾਲ ਮਿਲ ਕੇ ਕੋਵਿਡ-19 ਮਰੀਜ਼ਾਂ ਵਿੱਚ ਐੱਮ ਡਬਲਯੂ ਦੀ ਪ੍ਰਭਾਵਸ਼ੀਲਤਾ ਦਾ ਅਧਿਐਨ ਕਰਨ ਲਈ ਇੱਕ ਯੋਜਨਾ ਬਣਾਈ ਹੈ। ਐੱਮ ਡਬਲਯੂ ਦੀ ਵਰਤੋਂ ਗੰਭੀਰ ਰੂਪ ਵਿੱਚ ਬਿਮਾਰ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਸਹਾਇਕ ਵਜੋਂ ਕੀਤੀ ਜਾਏਗੀ।