ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਇੱਕ ਸੁੱਰਖਿਆ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਇੱਕ ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਕਰਨਾ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੋਵੇਂ ਬਾਲਗ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਹ ਵਿਆਹ ਵਰਗੇ ਲਿਵ-ਇੰਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਹਨ।
ਪਟੀਸ਼ਨ ਦਾਇਰ ਕਰਦਿਆਂ ਪ੍ਰੇਮੀ ਜੋੜੇ ਨੇ ਹਾਈਕੋਰਟ ਨੂੰ ਦੱਸਿਆ ਕਿ 18 ਸਾਲਾ ਮੁਸਲਿਮ ਲੜਕੀ ਹੈ ਅਤੇ ਹਿੰਦੂ ਲੜਕੇ ਦੀ ਉਮਰ 25 ਸਾਲ ਹੈ। ਦੋਹਾਂ ਨੇ 15 ਜਨਵਰੀ ਨੂੰ ਸ਼ਿਵ ਮੰਦਿਰ ਵਿਚ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਤੋਂ ਹੀ ਦੋਵਾਂ ਨੂੰ ਉਨ੍ਹਾਂ ਦੇ ਪਰਿਵਾਰ ਕੋਲੋ, ਉਨ੍ਹਾਂ ਨੂੰ ਖ਼ਤਰਾ ਹੈ। ਆਪਣੀ ਜਾਨ ਬਚਾਉਣ ਲਈ ਪਟੀਸ਼ਨਕਰਤਾਵਾਂ ਨੇ ਅੰਬਾਲਾ ਦੇ ਐਸਪੀ ਨੂੰ ਵੀ ਬੇਨਤੀ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਬਾਅਦ ਉਨ੍ਹਾਂ ਕੋਲ ਹਾਈਕੋਰਟ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਹਾਈਕੋਰਟ ਨੇ ਕਿਹਾ ਕਿ ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਵਿਆਹ ਉਸ ਸਮੇਂ ਤੱਕ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ, ਜਦੋਂ ਤੱਕ ਲੜਕੀ ਹਿੰਦੂ ਧਰਮ ਨੂੰ ਨਹੀਂ ਅਪਣਾਉਂਦੀ ਅਤੇ ਰਿਵਾਜ਼ਾਂ ਨਾਲ ਵਿਆਹ ਨਹੀਂ ਕਰਵਾਉਂਦੀ।
ਇਸ ਕੇਸ ਵਿੱਚ, ਲੜਕੀ ਨੇ ਆਪਣਾ ਧਰਮ ਨਹੀਂ ਬਦਲਿਆ ਹੈ ਅਤੇ ਇਸ ਲਈ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਦੋਵੇਂ ਬਾਲਗ ਹਨ ਅਤੇ ਭਾਵੇਂ ਵਿਆਹ ਜਾਇਜ਼ ਨਹੀਂ ਹੈ, ਪਰ ਵਿਆਹੁਤਾ ਦੀ ਤਰ੍ਹਾਂ ਸਹਿਮਤੀ ਨਾਲ ਸੰਬੰਧ ਵਿੱਚ ਰਹਿ ਸਕਦੇ ਹਨ।
ਹਾਈਕੋਰਟ ਨੇ ਹੁਣ ਅੰਬਾਲਾ ਦੇ ਐਸਪੀ ਨੂੰ ਸੁਰੱਖਿਆ ਨਾਲ ਜੁੜੇ ਪਟੀਸ਼ਨਰਾਂ ਦੀ ਮੰਗ 'ਤੇ ਜਲਦ ਤੋਂ ਜਲਦ ਫੈਸਲਾ ਲੈਣ ਦੇ ਆਦੇਸ਼ ਦਿੱਤੇ ਹਨ।