ਚੰਡੀਗੜ੍ਹ: ਪੰਜਾਬ ਦੀਆਂ 7 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀਆਂ ਗਿਣਤੀ ਅੱਜ ਹੋਵੇਗੀ। ਵੋਟਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਆਉਣ ਦੀ ਸੰਭਾਵਨਾ ਹੈ।
ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੈ। ਨਗਰ ਨਿਗਮ ਦੇ ਕੁੱਲ 2330 ਵਾਰਡਾਂ ਵਿੱਚ ਵੋਟਰਾਂ ਨੇ ਵੋਟਾਂ ਪਾਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ 2037, ਅਕਾਲੀ ਦਲ ਨੇ 1569, ਭਾਜਪਾ ਨੇ 1003, ਆਪ ਨੇ 1006, ਬਹੁਜਨ ਸਮਾਜ ਪਾਰਟੀ ਨੇ 106, ਸੀਪੀਆਈ ਨੇ 2 ਅਤੇ 2832 ਆਜ਼ਾਦ ਉਮੀਦਵਾਰਾਂ ਸਮੇਤ ਹੋਰ ਪਾਰਟੀਆਂ ਨੇ ਵੀ ਕੁਝ ਥਾਵਾਂ ਉੱਤੇ ਆਪਣੇ ਉਮੀਦਵਾਰਾਂ ਨੂੰ ਖੜਾ ਕੀਤਾ ਹੈ।
ਲੰਘੇ ਦਿਨੀਂ ਪਟਿਆਲਾ ਦੇ ਤਿੰਨ ਬੂਥਾਂ ਉੱਤੇ ਮੁੜ ਤੋਂ ਵੋਟਿੰਗ ਹੋਈ ਜਿਸ ਦੀ ਗਿਣਤੀ ਅੱਜ ਹੋਵੇਗੀ। ਅੱਜ ਮੋਹਾਲੀ ਦੇ 2 ਬੂਥਾਂ ਉੱਤੇ ਵੀ ਮੁੜ ਤੋਂ ਪੋਲਿੰਗ ਹੋਵੇਗੀ ਜਿਸ ਦੀ ਗਿਣਤੀ 18 ਫਰਵਰੀ ਨੂੰ ਕੀਤੀ ਜਾਵੇਗੀ।
ਮੋਹਾਲੀ ਦੇ ਵਾਰਡ ਨੰ. 10 ਦੇ ਬੂਥ ਨੰਬਰ 32 ਅਤੇ 33 ਵਿੱਚ ਅੱਜ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਵੋਟਿੰਗ ਹੋਵੇਗੀ।