ਚੰਡੀਗੜ੍ਹ: ਸ਼ਹਿਰ 'ਚ ਕਲਯੁਗੀ ਮਾਂ ਉੱਤੇ ਆਪਣੇ ਹੀ ਬੱਚੇ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਹ ਵਾਰਦਾਤ ਬੁੜੈਲ ਦੇ ਮਕਾਨ ਨੰਬਰ 1658 ਵਿਖੇ ਵਾਪਰੀ।
ਘਟਨਾ ਦਾ ਪਤਾ ਉਸ ਵੇਲੇ ਲਗਾ ਜਦ ਦੇਰ ਰਾਤ ਬੱਚੇ ਦਾ ਪਿਤਾ ਦਸ਼ਰਥ ਆਪਣੇ ਕੰਮ ਤੋਂ ਘਰ ਵਾਪਸ ਪਰਤਿਆ। ਘਰ ਆ ਕੇ ਪਤਨੀ ਰੂਪਾ ਤੇ ਬੱਚੇ ਨੂੰ ਗਾਇਬ ਵੇਖ ਉਹ ਘਬਰਾ ਗਿਆ। ਜਦ ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਮੁਲਜ਼ਮ ਮਹਿਲਾ ਨੇ ਦੱਸਿਆ ਕਿ ਬੱਚਾ ਬੈੱਡ ਦੇ ਬਕਸੇ ਅੰਦਰ ਬੰਦ ਹੈ। ਉਸ ਨੇ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਬਕਸੇ ਅੰਦਰ ਬੱਚੇ ਨੂੰ ਬੰਦ ਵੇਖ ਕੇ ਉਸ ਦੇ ਹੋਸ਼ ਉੱਡ ਗਏ।
ਬੱਚੇ ਦੇ ਪਿਤਾ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸੈਕਟਰ 34 ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੁਰੂਆਤੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਹਿਲਾ ਬੱਚੇ ਨੂੰ ਬੈੱਡ ਅੰਦਰ ਬੰਦ ਕਰਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਪੁਲਿਸ ਨੇ ਬੱਚੇ ਦੇ ਪਿਤਾ ਦਸ਼ਰਥ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਰੂਪਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ 'ਚੇ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।