ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਚਲਾਈ ਗਈ 'ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਸਕੀਮ ਤਹਿਤ ਸੂਬੇ ਭਰ 'ਚ ਲੱਗੇ ਚੌਥੇ ਮੈਗਾ ਰੋਜ਼ਗਾਰ ਮੇਲੇ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਤਹਿਤ 50,000 ਤੋਂ ਵੀ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰਾਂ ਵਿੱਚ ਨੌਕਰੀ ਮਿਲੀ ਹੈ। ਇਸ ਦੇ ਨਾਲ ਹੀ 6000 ਹੋਰ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲ੍ਹਿਆਂ ਦੀਆਂ 54 ਵੱਖ-ਵੱਖ ਥਾਵਾਂ 'ਤੇ 13 ਤੋਂ 22 ਫਰਵਰੀ ਤੱਕ 76 ਮੇਲੇ ਲਗਾਏ ਗਏ ਸਨ। ਇਸ ਤੋਂ ਇਲਾਵਾ ਮੇਲਿਆਂ ਦੌਰਾਨ ਇੰਟਰਵਿਊ ਲਈ ਪੁੱਜੇ 70,752 ਨੌਜਵਾਨਾਂ ਵਿੱਚੋਂ 60 ਫ਼ੀਸਦ ਤੋਂ ਵੱਧ ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ।
ਇਸ 10-ਰੋਜ਼ਾ ਮੇਲੇ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਵਿੱਚ ਐਚ.ਡੀ.ਐਫ.ਸੀ. ਬੈਂਕ, ਓਲਾ ਫੂਡ ਪਾਂਡਾ, ਸੀਐਸਸੀ, ਐਲਆਈਸੀ,ਜ਼ੋਮੈਟੋ,ਵੇਰਕਾ,ਪੁਖਰਾਜ, ਆਈਸੀਆਈਸੀ ਬੈਂਕ, ਕਨੈਕਟ,ਬਿੱਗ ਬਾਜ਼ਾਰ, ਬਜਾਜ਼ ਐਲੇਆਂਸ, ਪਤੰਜਲੀ ਆਯੁਰਵੇਦ ,ਯੈਸ ਬੈਂਕ, ਵਰਧਮਾਨ, ਨਿਸ਼ੰੰਬੂ ਗਾਰਮੈਂਟ ਲਿਮਟਡ, ਐਸਬੀਆਈ ਲਾਈਫ ਇੰਸ਼ੋਰੈਂਸ, ਆਈਡੀਬੀਆਈ ਇੰਸ਼ੋਰੈਂਸ,ਓਲਾ ਸਿਸ ਸਕਿਉਰਿਟੀ, ਰਿਲਾਇੰਸ ਜੀਓ, ਓਰੇਨ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਡ ਦੇ ਨਾਲ ਕਈ ਸਥਾਨਕ ਵਪਾਰਕ ਇਕਾਈਆਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਹੁਣ ਤੱਕ ਸੂਬਾ ਸਰਕਾਰ ਨੇ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 5.34 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ, ਜਿਨਾਂ ਵਿੱਚ 0.40 ਲੱਖ ਸਰਕਾਰੀ ਖੇਤਰ ਵਿੱਚ, 1.55 ਲੱਖ ਪ੍ਰਾਈਵੇਟ ਕੰਪਨੀਆਂ ਵਿੱਚ ਅਤੇ 3.40 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤਾ ਦਿੱਤੀ ਜਾ ਚੁੱਕੀ ਹੈ।
![undefined](https://s3.amazonaws.com/saranyu-test/etv-bharath-assests/images/ad.png)