ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਇੱਕ ਬਾਂਦਰ ਦਾ ਹੈ ਜਿਸ ਕਾਰਨ ਉਸ ਨੂੰ ਪਾਲਣ ਵਾਲੇ ਨੌਜਵਾਨ ਨੂੰ ਇੱਕ ਦਿਨ ਹਵਾਲਾਤ ਵਿੱਚ ਗੁਜ਼ਾਰਨਾ ਪਿਆ।
ਕੈਮਜ਼ ਉਰਫ ਕੰਵਲਪ੍ਰੀਤ, ਪੰਜਾਬ ਦਾ ਇੱਕ ਟੈਟੂ ਆਰਟਿਸਟ ਹੈ, ਉਸ ਦੇ ਮੈਨੇਜਰ ਨੇ ਉਸ ਬਾਂਦਰ ਨੂੰ ਰੈਸਕਿਊ ਕੀਤਾ ਸੀ ਤੇ ਹੁਣ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ। ਇੱਕ ਸਾਲ ਤੋਂ ਇਹ ਬਾਂਦਰ ਕੈਮਜ਼ ਦੇ ਨਾਲ ਸੀ ਕੇ ਉਸ ਨੇ ਬਾਂਦਰ ਦੇ ਨਾਲ ਇੱਤ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ।
ਇੱਕ ਦਿਨ ਉਸ ਦੇ ਮੈਨੇਜਰ ਨੂੰ ਮੇਨਕਾ ਗਾਂਧੀ ਦਾ ਫੋਨ ਆਇਆ ਕਿ ਉਹ ਬਾਂਦਰ ਨੂੰ ਨਹੀਂ ਰੱਖ ਸਕਦੇ ਉਸ ਨੂੰ ਛੱਡਿਆ ਜਾਵੇ। ਕੈਮਜ਼ ਦੇ ਮੈਨੇਜਰ ਨੇ ਇਸ ਬਾਂਦਰ ਨੂੰ ਛੱਤਬੀੜ ਜ਼ੂ ਦੇ ਕੋਲ ਛੱਡ ਦਿੱਤਾ। ਇਸ ਤੋਂ ਬਾਅਦ ਜਾਨਵਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਨੇ ਵਾਈਲਡ ਲਾਈਫ ਤੇ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਦੇ ਸੈਕਟਰ 35 ਦਫ਼ਤਰ ਵਿੱਚ ਛਾਣਬੀਣ ਕੀਤੀ ਅਤੇ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਸੈਕਟਰ 36 ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਕੈਮਜ਼ ਨੇ ਦੱਸਿਆ ਕਿ ਉਸ ਉੱਤੇ ਦੋਸ਼ ਹਨ ਕਿ ਉਸ ਨੇ ਬਾਂਦਰ ਨੂੰ ਮਾਰ ਦਿੱਤਾ ਹੈ ਉਸ ਦਾ ਸ਼ਿਕਾਰ ਕੀਤਾ ਹੈ ਜਿਸ ਕਾਰਨ ਉਸ ਨੂੰ ਤੇ ਉਸ ਦੇ ਮੈਨੇਜਰ ਨੂੰ ਰਾਤ ਭਰ ਥਾਣੇ ਵਿੱਚ ਰੱਖਿਆ ਗਿਆ। ਕੈਮਜ਼ ਦੇ ਵਕੀਲ ਗਗਨਦੀਪ ਜੰਮੂ ਨੇ ਦੱਸਿਆ ਕਿ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਇਸ ਦੇ ਲਈ ਉਨ੍ਹਾਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ।