ਚੰਡੀਗੜ੍ਹ: ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਉੱਪਰ ਹੁਣ ਰਾਜਨੀਤਿਕ ਬੱਦਲ ਮੰਡਰਾ ਰਹੇ ਹਨ। ਜਿੱਥੇ ਕੇਂਦਰ ਸਰਕਾਰ ਇਨ੍ਹਾਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਕਰਵਾਉਣ ਦੇ ਹੱਕ ਵਿੱਚ ਹੈ ਉੱਥੇ ਹੀ ਲੱਖਾਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਅਤੇ ਵਿਰੋਧੀ ਪਾਰਟੀਆਂ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੇ ਹੱਕ ਵਿੱਚ ਨਿੱਤਰੀਆਂ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਕਾਂਗਰਸੀ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਆਪਣੇ-ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਂਅ ਇੱਕ ਮੈਮੋਰੈਂਡਮ ਸੌਂਪਣ ਅਤੇ ਇਹ ਸੁਨੇਹਾ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇ ਕਿ ਮਹਾਂਮਾਰੀ ਦੌਰਾਨ ਹੋਣ ਵਾਲੀਆਂ ਇਨ੍ਹਾਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਮੁਲਤਵੀ ਕੀਤਾ ਜਾਵੇ।
ਜਾਖੜ ਨੇ ਕਿਹਾ ਕਿ ਸਾਨੂੰ ਸਾਡੇ ਬੱਚਿਆਂ ਦਾ ਭਵਿੱਖ ਪਿਆਰਾ ਹੈ ਅਤੇ ਉਨ੍ਹਾਂ ਦੀ ਜਾਨ ਕੀਮਤੀ ਹੈ। ਇਸ ਸਮੇਂ ਕਾਂਗਰਸ ਪਾਰਟੀ ਨੂੰ ਨੌਜਵਾਨਾਂ ਦੇ ਨਾਲ ਖੜ੍ਹਨ ਦੀ ਜ਼ਰੂਰਤ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵਰਚੂਅਲ ਮੀਟਿੰਗ ਰਾਹੀਂ ਇਹ ਮੁੱਦਾ ਸੁਪਰੀਮ ਕੋਰਟ ਤੱਕ ਲੈ ਕੇ ਜਾਣ ਦੀ ਗੱਲ ਵੀ ਕਹੀ ਸੀ।
ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ 15.97 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਲਈ ਫਾਰਮ ਭਰੇ ਹਨ। ਇਨ੍ਹਾਂ ਵਿੱਚੋਂ 9,94,198 ਵਿਦਿਆਰਥੀਆਂ ਨੇ ਆਨਲਾਈਨ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ। ਜੇਈਈ ਦੀ ਪ੍ਰੀਖਿਆ ਲਈ 8.58 ਲੱਖ ਵਿਦਿਆਰਥੀਆਂ ਵਿੱਚੋਂ 7, 49,408 ਵਿਦਿਆਰਥੀਆਂ ਨੇ ਆਨਲਾਈਨ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ।"