ਚੰਡੀਗੜ੍ਹ : ਬਾਰਦਾਨਾ ਖ਼ਤਮ ਹੋਣ ਅਤੇ ਐਫਸੀਆਈ ਦੇ ਫੋਰਟੀ ਫਾਈਡ ਰਾਈਸ ਦੇ ਆਦੇਸ਼ਾਂ ਨੂੰ ਲੈ ਕੇ ਰਾਸ਼ਟਰੀ ਸ਼ੈਲਰ ਸੰਘ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 39 ਸਥਿਤ ਅਨਾਜ ਭਵਨ ਪਹੁੰਚ ਕੇ ਪੰਜਾਬ ਸਰਕਾਰ ਦੇ ਫੂਡ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਡਾਇਰੈਕਟਰ ਰਵੀ ਭਗਤ ਨੂੰ ਮੈਮੋਰੰਡਮ ਦੇ ਕੇ ਮੰਗਾਂ ਵਲ ਧਿਆਨ ਦੇਣ ਦੀ ਅਪੀਲ ਕੀਤੀ। ਰਵੀ ਭਗਤ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਇਨ੍ਹਾਂ ਦਾ ਹੱਲ ਕੱਢਿਆ ਜਾਵੇਗਾ।
ਰਾਸ਼ਟਰੀ ਸ਼ੈਲਰ ਸੰਘ ਦੇ ਪ੍ਰਧਾਨ ਰਵੀ ਨੇ ਦੱਸਿਆ ਕਿ ਬਾਰਦਾਨਾ ਖਤਮ ਹੋਣ ਤੋਂ ਬਾਅਦ ਪੰਜਾਬ ਦੀਆਂ 4150 ਰਾਈਸ ਮਿੱਲਾਂ ਬੰਦ ਹੋਣ ਦੀ ਕਗਾਰ 'ਤੇ ਹਨ। ਪੱਛਮੀ ਬੰਗਾਲ ਤੋਂ ਬਾਰਦਾਨੇ ਦੀ ਸਪਲਾਈ ਬੰਦ ਹੋਣ ਕਾਰਨ ਰਾਈਸ ਮਿਲਿੰਗ ਦਾ ਕੰਮ ਲਗਪਗ ਬੰਦ ਹੀ ਹੋ ਰਿਹਾ ਹੈ। ਰਾਈਸ ਮਿਲਰਜ਼ ਨੂੰ ਕੇਂਦਰ ਤੋਂ 50 ਪ੍ਰਤੀਸ਼ਤ ਜੋ ਪੁਰਾਣਾ ਬਾਰਦਾਨਾ ਮਿਲਦਾ ਸੀ, ਉਸ ਵਿੱਚ ਹੁਣ ਤੱਕ 50 ਪ੍ਰਤੀਸ਼ਤ ਮਿਲਿੰਗ ਤੋਂ ਆਏ ਚੌਲ ਸਟੋਰ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਸਹੀ ਹੁੰਦਾ ਤੇ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਉਨ੍ਹਾਂ ਨੇ ਕਿਹਾ ਕਿ ਡਾਇਰੈਕਟਰ ਦੇ ਨਾਲ ਉਨ੍ਹਾਂ ਦੀ ਬਹੁਤ ਸੁਖਾਵੇਂ ਮਾਹੌਲ ਵਿਚ ਮੀਟਿੰਗ ਹੋਈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਹੱਲ ਕਰਵਾਈਆਂ ਜਾਣਗੀਆਂ।