ਪਠਾਨਕੋਟ: ਪੰਜਾਬ ਕਾਂਗਰਸ ਵਿੱਚ ਛਿੜੇ ਅਚਾਨਕ ਕਲੇਸ਼ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰੀਫ ਲੱਗਣ ਲੱਗ ਪਏ ਹਨ। ਭਾਜਪਾ ਦੇ ਸੀਨੀਅਰ ਸੂਬਾਈ ਆਗੂ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਇਥੋਂ ਦਾ ਵਿਕਾਸ ਕਰਨ।
ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸ਼ਰੀਫ ਤੇ ਨੇਕ ਇਨਸਾਨ ਹਨ ਤੇ ਕਾਂਗਰਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਇਸ ਤੋਂ ਨਜਾਇਜ ਗੱਲ ਕੀ ਹੋ ਸਕਦੀ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ ‘ਤੇ ਦਬਾਅ ਬਣਾ ਕੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਭੱਠਾ ਬਿਠਾ ਦੇਣਗੇ। ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚ ਲਿਆਂਦਾ ਹੀ ਇਸੇ ਲਈ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ‘ਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਦਬਾਅ ਬਣਾਇਆ ਜਾ ਸਕੇ।
ਭਾਜਪਾ ਆਗੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਉੱਚੀ ਸੁੱਚੀ ਸਖ਼ਸ਼ੀਅਤ ਹਨ ਤੇ ਉਹ ਕਾਂਗਰਸ ਵਿੱਚ ਫਿੱਟ ਨਹੀਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਉਣ ਤੇ ਪੰਜਾਬ ਦਾ ਵਿਕਾਸ ਕਰਨ। ਹਾਲਾਂਕਿ ਮਾਸਟਰ ਮੋਹਨ ਲਾਲ ਕੈਪਟਨ ਨੂੰ ਭਾਜਪਾ ਵਿੱਚ ਸੱਦਾ ਦਿੰਦੇ ਵਕਤ ਕਿਸਾਨਾਂ ਦੇ ਉਲਟ ਹੀ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ (ਕੈਪਟਨ) ਵੱਲੋਂ ਕਿਸਾਨਾਂ ਦੇ ਧਰਨੇ ਦੀ ਕੀਤੀ ਹਮਾਇਤ ਨੂੰ ਭਾਜਪਾ ਭੁੱਲ ਜਾਵੇਗੀ ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕੁਝ ਵੀ ਬੋਲਿਆ ਹੋਵੇ, ਉਸ ਨੂੰ ਵੀ ਨਕਾਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਤੋਂ ਬਾਅਦ ਰਾਜਨੀਤੀ ਗਰਮਾਈ,ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਸ਼ੁਰੂ ਹੋਈ ਸੀ ਉਸੇ ਸਮੇਂ ਹੀ ਇਹ ਨਜ਼ਰ ਆ ਗਿਆ ਸੀ ਪਾਰਟੀ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਕੋਲੋ ਅਸਤੀਫ਼ਾ ਜ਼ਰੂਰ ਲਵੇਗੀ ਜਿਸ ਕਰਕੇ ਅੱਜ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ