ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਸ਼ਹਿਰ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਫਿਲਹਾਲ ਸਿਰਫ਼ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਡਿਜ਼ਾਸਟਰ ਐਕਟ 2005 ਅਧੀਨ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮਾਸਕ ਸਬੰਧੀ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਅਨੁਸਾਰ ਕਿਸੇ ਵੀ ਭੀੜ ਵਾਲੇ ਹਾਲਾਤ ਵਿਚ ਮਾਸਕ ਲਾਜ਼ਮੀ ਹੋਵੇਗਾ।
ਜਾਰੀ ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਜੇਕਰ ਕੋਈ ਵੀ ਇਸ ਨਿਯਮ ਦਾ ਉਲੰਘਣ ਕਰਦਾ ਫੜਿਆ ਗਿਆ ਤਾਂ ਉਸ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਇਸ ਦੌਰਾਨ ਕੋਈ ਵਿਅਕਤੀ ਜੁਰਮਾਨੇ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਖਿਲਾਫ ਧਾਰਾ 188 ਦੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬੱਸਾਂ, ਟੈਕਸੀਆਂ, ਆਟੋ ਰਿਕਸ਼ਾ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਅਤੇ ਦੁਕਾਨਾਂ ਤੋਂ ਇਲਾਵਾ ਕਾਲਜ, ਸਕੂਲ, ਕੋਚਿੰਗ ਸੈਂਟਰਾਂ ਅਤੇ ਲਾਇਬ੍ਰੇਰੀਆਂ ਆਦਿ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ 'ਚ ਮਾਸਕ ਤੋਂ ਬਿਨ੍ਹਾਂ ਜਾਣ 'ਤੇ ਵੀ ਜੁਰਮਾਨਾ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਵੀ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਾਉਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਸੀ।
ਇਹ ਵੀ ਪੜ੍ਹੋ: ਪੁਲਿਸ ਵਿਭਾਗ ਨੇ ਵੈੱਬ ਪੋਰਟਲ ਕੀਤਾ ਲਾਂਚ, ਸਾਈਬਰ ਧੋਖਾਧੜੀ ਦੀ ਆਨਲਾਈਨ ਹੋ ਸਕੇਗੀ ਰਿਪੋਰਟ