ਚੰਡੀਗੜ੍ਹ: ਜ਼ੀਰਕਪੁਰ ਬਾਰਡਰ 'ਤੇ ਨਾਕਾਬੰਦੀ ਦੌਰਾਨ ਚੀਨ ਦੇ ਰਹਿਣ ਵਾਲੇ ਸੱਤਿਆਵਾਨ ਨੂੰ ਪੁਲਿਸ ਨੇ ਇੱਕ ਪਿਸਟਲ ਅਤੇ 12 ਜ਼ਿੰਦਾ ਕਾਰਤੂਸ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਫੜ੍ਹਿਆ ਗਿਆ ਮੁਲਜ਼ਮ ਹਰਿਆਣੇ ਦੇ ਜੀਂਦ ਦਾ ਰਹਿਣ ਵਾਲਾ ਹੈ।
ਨਾਕੇ 'ਤੇ ਤਾਇਨਾਤ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਉਨ੍ਹਾਂ ਸ਼ੱਕ ਦੇ ਆਧਾਰ 'ਤੇ ਇੱਕ ਕਾਰ ਨੂੰ ਰੋਕ ਕੇ ਜਦੋਂ ਚੈਕ ਕੀਤਾ ਤਾਂ ਕਾਰ 'ਚੋਂ ਇੱਕ ਪਿਸਤੌਲ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ। ਤਲਾਸ਼ੀ ਦੌਰਾਨ ਮਿਲੀ ਪਿਸਤੌਲ ਅਤੇ 12 ਜ਼ਿੰਦਾ ਕਾਰਤੂਸ ਬਾਰੇ ਜਦੋਂ ਕਾਰ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਹ ਟਾਲ ਮਟੋਲ ਕਰਦਾ ਰਿਹਾ। ਕਾਰ ਡਰਾਈਵਰ ਸੱਤਿਆਵਾਨ ਕੋਲ ਪਿਸਤੌਲ ਦਾ ਲਾਇਸੈਂਸ ਵੀ ਨਹੀਂ ਸੀ।
ਬੂਟਾ ਸਿੰਘ ਨੇ ਦੱਸਿਆ ਕਿ ਗੈਰ ਲਾਇਸੈਂਸ ਵਾਲੇ ਹਥਿਆਰ ਰੱਖ ਕੇ ਘੁੰਮਣਾ ਗ਼ੈਰ-ਕਾਨੂੰਨੀ ਹੈ ਇਸ ਲਈ ਉਨ੍ਹਾਂ ਸੱਤਿਆਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਸੱਤਿਆਵਾਨ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।