ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦਾ ਉਪ ਕੁਲਪਤੀ ਥਾਪਿਆ ਹੈ। ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਦੌਰਾਨ ਦੋਹਾਂ ਵੱਲੋਂ ਸਤੰਬਰ ਮਹੀਨੇ ਦੌਰਾਨ ਸ਼ੁਰੂ ਹੋਣ ਵਾਲੇ ਪਹਿਲੇ ਸੈਸ਼ਨ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਸਤੰਬਰ ਵਿੱਚ ਯੂਨੀਵਰਸਿਟੀ ਦੇ ਪਹਿਲੇ ਸੈਸ਼ਨ ਦੌਰਾਨ ਮੁੱਢਲੇ ਕੋਰਸ ਜਿਵੇਂ ਕਿ ਸਰੀਰਕ ਸਿੱਖਿਆ ਪੜ੍ਹਾਏ ਜਾਣਗੇ। ਇਸ ਤੋਂ ਬਾਅਦ ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਅਤੇ ਸਪੋਰਟਸ ਸਾਈਕਾਲੋਜੀ (ਮਨੋਵਿਗਿਆਨ) ਦੇ ਕੋਰਸ ਪੜ੍ਹਾਏ ਜਾਣਗੇ।
ਖੇਡ ਮੰਤਰੀ ਨੇ ਲੈਫਟੀਨੈਂਟ ਜਨਰਲ ਚੀਮਾ ਨੂੰ ਇੰਗਲੈਂਡ ਵਿੱਚ ਨਾਮਵਰ ਅਥਲੀਟ ਸਿਬੈਸਟੀਅਨ ਕੋਅ ਨਾਲ ਹੋਈ ਮੁਲਾਕਾਤ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਅ ਨੂੰ ਮਾਹਿਰਾਂ ਦੀ ਇੱਕ ਟੀਮ ਪੰਜਾਬ ਭੇਜਣ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਪਟਿਆਲਾ ਵਿਖੇ ਇੱਕ ਵਿਸ਼ਵ ਪੱਧਰੀ ਖੇਡ ਯੂਨੀਵਰਸਿਟੀ ਦਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਵਿੱਚ ਮਦਦ ਮਿਲ ਸਕੇ। ਲੈਫਟੀਨੈਂਟ ਜਨਰਲ ਚੀਮਾ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ, ਸਪੋਰਟਸ ਅਥਾਰਿਟੀ ਆਫ਼ ਇੰਡੀਆ, ਕੌਮੀ ਖੇਡ ਫੈਡਰੇਸ਼ਨਾਂ, ਟਾਰਗੈਟ ਓਲੰਪਿਕ ਪੋਡੀਅਮ ਸਕੀਮ, ਓਲੰਪਿਕ ਗੋਲਡ ਕੁਐਸਟ ਅਤੇ ਸਰਵਿਸਿਸ ਸਪੋਰਟਸ ਕੰਟਰੋਲ ਬੋਰਡ ਨਾਲ ਵੀ ਜੁੜੇ ਰਹੇ ਹਨ।