ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਭਰ ਵਿੱਚ ਰੋਜ਼ਾਨਾ ਕਈ ਵੱਡੇ ਲੋਕ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ 'ਆਪ' ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਪਾਰਟੀ ਵਿੱਚ ਸ਼ਾਮਲ ਹੋ ਗਏ। 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਬਲਜਿੰਦਰ ਕੌਰ ਅਤੇ ਪਾਰਟੀ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚ ਮਨਵਿੰਦਰ ਸਿੰਘ 'ਆਪ' ਵਿੱਚ ਸ਼ਾਮਲ ਹੌਏ। 'ਆਪ' ਆਗੂਆਂ ਨੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇੱਕ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਹਨ ਅਤੇ 'ਆਪ' ਤੋਂ ਵੱਡੀਆਂ ਉਮੀਦਾਂ ਰੱਖਦੇ ਹਨ।
ਦੱਸ ਦਈਏ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੋਂਦ ਚਿੱਲੜ ਹੱਤਿਆਕਾਂਡ ਨੂੰ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 2 ਨਵੰਬਰ 1984 ਨੂੰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਦੋ ਸੌ ਤੋਂ ਜ਼ਿਆਦਾ ਲੋਕਾਂ ਦੀ ਭੀੜ ਨੇ ਦਾਖਲ ਹੋ ਕੇ 35 ਸਿੱਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਸਮੂਹਿਕ ਤੌਰ 'ਤੇ ਦਬਾ ਦਿੱਤਾ ਸੀ। ਇਸ ਮਾਮਲੇ ਵਿੱਚ ਉਹ 23 ਜਨਵਰੀ 2011 ਨੂੰ ਗਿਆਸਪੁਰਾ ਉਸ ਪਿੰਡ ਵਿੱਚ ਗਏ ਅਤੇ ਉਨ੍ਹਾਂ ਕਬਰਾਂ ਦੀ ਭਾਲ ਕੀਤੀ। ਉਨ੍ਹਾਂ ਤੁਰੰਤ ਇਨ੍ਹਾਂ ਫੋਟੋਆਂ ਨੂੰ ਫੇਸਬੁੱਕ ਉਤੇ ਪੋਸਟ ਕੀਤਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦਾ ਇਸ ਵੱਲ ਧਿਆਨ ਖਿੱਚਿਆ।
2019 ਵਿੱਚ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੀ। ਉਨ੍ਹਾਂ ਨੂੰ 1 ਲੱਖ 42 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਜਦੋਂ ਉਨ੍ਹਾਂ ਰਾਜਨੀਤੀ ਵਿੱਚ ਕਦਮ ਰੱਖਿਆ ਹੈ, ਉਦੋਂ ਤੋਂ ਉਹ ਸਿੱਖ ਭਾਈਚਾਰੇ ਅਤੇ ਆਮ ਆਦਮੀ ਦੇ ਅਧਿਕਾਰਾਂ ਦੀ ਲਗਾਤਾਰ ਆਵਾਜ਼ ਚੁੱਕਦੇ ਆ ਰਹੇ ਹਨ। ਹੁਣ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ। ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੇ 'ਆਪ' ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।