ਚੰਡੀਗੜ੍ਹ: ਸਕੂਲੀ ਸਿੱਖਿਆ ਨੂੰ ਗੁਣਾਤਮਕਤਾ ਪ੍ਰਦਾਨ ਕਰਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਲੜੀ ਵਿੱਚ ਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ 4361 ਟੈਬਲੇਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪਰਗਟ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਟੈਬਲੇਟ ਦੇਣ ਲਈ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਟੈਬਲੇਟ ਦੇਣ ਲਈ ਚੁਣਿਆ ਗਿਆ ਹੈ। ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਹਾਈਟੈਕ ਬਣਾਉਣ ਦੇ ਉਦੇਸ਼ ਨਾਲ ਪ੍ਰਤੀ ਸਕੂਲ ਪੰਜ ਟੈਬਲੇਟ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟਾਂ ਵਿੱਚ ਈ-ਕੰਟੈਂਟ ਨਾਲ ਸਬੰਧਿਤ ਐਪਜ਼ ਵੀ ਇੰਸਟਾਲ ਕਰਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਸਬੰਧਿਤ ਸਕੂਲਾਂ ਨੂੰ ਈ -ਕੰਟੈਂਟ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟ ਦੀ ਵੰਡ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਨੂੰ ਸਟਾਕ ਦੀ ਜ਼ਿਲ੍ਹਾ ਪੱਧਰ 'ਤੇ ਪ੍ਰਾਪਤੀ, ਵੰਡ, ਰਿਕਾਰਡ ਅਤੇ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਆਪਣੇ ਅਧੀਨ ਪ੍ਰਾਪਤ ਸਟਾਕ ਦੀ ਕਾਰਜ ਸਮਰੱਥਾ ਦੀ ਜਾਂਚ ਕਰਨਗੇ। ਕਿਸੇ ਵੀ ਤਕਨੀਕੀ ਖਰਾਬੀ ਦੀ ਸੂਰਤ ਵਿੱਚ ਵਿਭਾਗ ਵੱਲੋਂ ਸਰਵਿਸ ਸੈਂਟਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।ਵਿਭਾਗ ਵੱਲੋਂ ਜਲਦੀ ਹੀ ਸਕੂਲਾਂ ਨੂੰ ਟੈਬਲੇਟ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਇਹ ਵੀ ਪੜੋ:ਕੱਚੇ ਸਿਹਤ ਕਾਮਿਆਂ ਵੱਲੋਂ ਡਿਪਟੀ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਰੋਸ ਪ੍ਰਦਰਸ਼ਨ