ਚੰਡੀਗੜ੍ਹ: ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿੱਖ ਕੌਮ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ’ਚ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਣੀ ਚੋਣ ਜਿਤਾਉਣ ਲਈ ਸਿੱਖ ਕੌਮ ਨੂੰ ਬੇਨਤੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚਿੱਠੀ ’ਚ ਬਾਕੀ ਉਮੀਦਵਾਰਾਂ ’ਤੇ ਸਵਾਲ ਵੀ ਚੁੱਕੇ। ਇਸ ਚਿੱਠੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਚ ਲਿਖਿਆ ਹੈ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਉਸ ਗਾਂਧੀ ਪਰਿਵਾਰ ਦੇ ਹੱਥ ਨੂੰ ਮਜ਼ਬੂਤ ਕਰਨਾ ਹੈ ਜਿਨ੍ਹਾਂ ਵੱਲੋਂ 1984 ਚ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਗਿਆ ਸੀ। ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਕਿਸਾਨ ਸੰਘਰਸ਼ ’ਚ 700 ਲੋਕਾਂ ਦੀ ਜਾਨ ਲੈਣ ਵਾਲੀ ਮੋਦੀ ਸਰਕਾਰ ਦੇ ਹੱਥ ਮਜਬੂਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਵੋਟ ਨਹੀਂ ਪਾਉਣੀ ਚਾਹੀਦੀ। ਕਿਉਂਕਿ ਇਸ ਨਾਲ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਹੱਥ ਮਜਬੂਤ ਹੋ ਜਾਣਗੇ ਜਿਸ ਨਾਲ ਉਹ ਦਿੱਲੀ ਤੋਂ ਪੰਜਾਬ ਨੂੰ ਚਲਾਉਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਘੇਰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਸੰਘਰਸ਼ੀ ਹੋਣ ਦਾ ਦਾਅਵਾ ਕਰਦੇ ਹਨ, ਜੋ ਕਿ ਮਹਿਲਾਂ ਚ ਰਹਿੰਦੇ ਹਨ ਅਤੇ ਦੇਸ਼ ਦੀਆਂ ਏਜੰਸੀਆਂ ਨੂੰ ਉਨ੍ਹਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਖਰਾਬ ਕਰਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਜਿਨ੍ਹਾਂ ਨੇ ਸੰਘਰਸ਼ ਦੌਰਾਨ ਕਈ ਦੁਖ ਦੇਖੇ ਹਨ। ਅੱਜ ਵੀ ਉਹ ਆਪਣੇ ਉਨ੍ਹਾਂ ਭਰਾਵਾਂ ਦੇ ਲਈ ਸੰਘਰਸ਼ ਕਰ ਰਹੀ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਹਨ। ਉਨ੍ਹਾਂ ਦੀ ਭੈਣ ਬੰਦੀ ਸਿੰਘਾਂ ਦੀ ਰਿਹਾਈ ਦੇ ਮਕਸਦ ਦੇ ਨਾਲ ਇਹ ਚੋਣ ਲੜ ਰਹੀ ਹੈ। ਉਨ੍ਹਾਂ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਉਹ ਪਾਰਟੀਬਾਜ਼ੀ, ਧੋਖਾਧੜੀ ਤੋਂ ਉੱਤੇ ਉੱਠ ਕੇ ਵੋਟ ਪਾਉਣ।
ਇਹ ਵੀ ਪੜੋ: ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ, ਜਾਣੋਂ ਕਿੰਨੀ ਦੇਰ ਰਹੇਗਾ ਬਾਹਰ