ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਸਿੱਧੂ ਕਤਲ ਕੇਸ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਮੂਸੇਵਾਲਾ ਸ਼ਾਮ ਕਰੀਬ 5.30 ਵਜੇ ਆਪਣੀ ਕਾਰ ਵਿੱਚ ਜਾ ਰਹੇ ਸਨ। ਸਿੱਧੂ ਖੁਦ ਗੱਡੀ ਚਲਾ ਰਹੇ ਸਨ। ਸਾਹਮਣੇ ਤੋਂ ਆ ਰਹੇ ਦੋ ਵਾਹਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸਿੱਧੂ ਦੀ ਮੌਤ ਹੋ ਗਈ। ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਇਹ ਮਾਮਲਾ ਦੁਸ਼ਮਣੀ ਦਾ ਹੈ। ਡੀਜੀਪੀ ਨੇ ਕਿਹਾ ਮਿੱਡੂ ਖੇੜਾ ਕਤਲ ਕਾਂਡ ਵਿੱਚ ਸਿੱਧੂ ਦੇ ਸਾਬਕਾ ਮੈਨੇਜਰ ਦਾ ਨਾਮ ਸਾਹਮਣੇ ਆਇਆ ਸੀ, ਜੋ ਹੁਣ ਆਸਟ੍ਰੇਲੀਆ ਚਲਾ ਗਿਆ ਹੈ, ਜਿਸ ਦੇ ਜਵਾਬ ਵਿੱਚ ਇਹ ਕਾਰਵਾਈ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤੀ ਗਈ ਹੈ, ਇਸ ਕਤਲ ਦੀ ਜ਼ਿੰਮੇਵਾਰੀ ਲੱਕੀ ਨਾਮਕ ਇੱਕ ਮੈਂਬਰ ਨੇ ਲਈ ਹੈ। ਬਿਸ਼ਨੋਈ ਗੈਂਗ ਦਾ ਮੈਂਬਰ ਕੈਨੇਡਾ 'ਚ ਰਹਿ ਰਿਹਾ ਹੈ।
ਡੀਜੀਪੀ ਨੇ ਕਿਹਾ ਕਿ ਮੂਸੇਵਾਲਾ ਕੋਲ ਸੁਰੱਖਿਆ ਦੇ ਚਾਰ ਕਮਾਂਡੋ ਸਨ ਪਰ ਪੰਜਾਬ ਵਿੱਚ ‘ਘੱਲੂਘਾਰਾ ਦਿਵਸ’ ਹੋਣ ਕਾਰਨ ਉਨ੍ਹਾਂ ਦੇ ਦੋ ਕਮਾਂਡੋ ਵਾਪਸ ਲੈ ਲਏ ਗਏ ਹਨ। ਉਸ ਦੇ ਨਾਲ ਦੋ ਕਮਾਂਡੋ ਸਨ ਪਰ ਉਹ ਉਨ੍ਹਾਂ ਦੋ ਕਮਾਂਡੋਜ਼ ਨੂੰ ਵੀ ਆਪਣੇ ਨਾਲ ਨਹੀਂ ਲੈ ਕੇ ਗਿਆ। ਡੀਜੀਪੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ ਸੀ ਪਰ ਉਹ ਵੀ ਨਾਲ ਲੈਕੇ ਨਹੀਂ ਗਿਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਐਸਆਈਟੀ ਬਣਾਈ ਗਈ ਹੈ, ਜਿਸ ਦੀ ਅਗਵਾਈ ਆਈਜੀ ਰੇਂਜ ਦੇ ਅਧਿਕਾਰੀ ਕਰਨਗੇ। ਡੀਜੀਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਕਰੀਬ 30 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਭਾਵਰਾ ਨੇ ਦੱਸਿਆ ਕਿ ਇਹ ਹਮਲਾ ਵੱਖ-ਵੱਖ ਬੋਰ ਦੇ ਹਥਿਆਰਾਂ ਨਾਲ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਏਡੀਜੀ ਲਾਅ ਐਂਡ ਆਰਡਰ ਨੇ ਆਪਣੇ ਨਾਲ ਲੋੜੀਂਦੀ ਫੋਰਸ ਲੈ ਲਈ ਹੈ।
ਇਸ ਘਟਨਾ ਨੂੰ ਲੈਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਲਈ ਪੰਜਾਬ ਦੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ- ਕੇਜਰੀਵਾਲ ਅਤੇ ਰਾਘਵ ਚੱਢਾ ਦਿੱਲੀ 'ਚ ਬੈਠ ਕੇ ਪੰਜਾਬ 'ਚ ਸਰਕਾਰ ਚਲਾ ਰਹੇ ਹਨ। ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਅਤੇ ਉਸ ਦੀ ਜਾਨ ਚਲੀ ਗਈ। ਸੁਰੱਖਿਆ ਘਟਾਉਣ ਲਈ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਨਹੀਂ ਰਿਹਾ ਸਿੱਧੂ ਮੂਸੇਵਾਲਾ, ਬਿਸ਼ਨੋਈ ਗੈਂਗ ਨੇ ਕੀਤਾ ਕਤਲ- ਡੀਜੀਪੀ ਬੋਲੇ ਜਾਂਚ ਜਾਰੀ