ਚੰਡੀਗੜ੍ਹ: ਸ਼ਹਿਰ ਵਿੱਚ ਕਰਫਿਊ ਦੌਰਾਨ ਮਨੀਮਾਜਰਾ ਵਿੱਚ ਦਵਾਈ ਲੈਣ ਜਾ ਰਹੀ ਮਹਿਲਾ ਦੇ ਸਿਰ ਉੱਤੇ ਪੁਲਿਸ ਕਰਮੀਆਂ ਵੱਲੋਂ ਡੰਡੇ ਮਾਰਨ ਦੇ ਆਰੋਪ ਲੱਗੇ ਹਨ। ਇਸ ਘਟਨਾ ਵਿੱਚ 45 ਸਾਲ ਦੀ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਕਾਫੀ ਬਵਾਲ ਹੋ ਗਿਆ। ਫਿਲਹਾਲ ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦਾ ਇਲਾਕੇ ਦੇ ਲੋਕਾਂ ਨਾਲ ਕਾਫੀ ਤਣਾਅ ਵਾਲਾ ਮਾਹੌਲ ਬਣ ਗਿਆ ਹੈ।
ਦੱਸ ਦਈਏ ਕਿ ਪਹਿਲਾ ਇਹ ਖਬਰਾਂ ਮਿਲ ਰਹੀ ਸੀ ਕਿ ਮਹਿਲਾ ਕੰਨਿਆ ਪੂਜਨ ਦੇ ਲਈ ਛੋਟੀ ਕੁੜੀਆਂ ਨੂੰ ਲੈ ਕੇ ਆਪਣੇ ਘਰ ਜਾ ਰਹੀ ਸੀ। ਮਹਿਲਾ ਦੇ ਪਰਿਵਾਰ ਦੇ ਵੱਲੋਂ ਪੁਲਿਸ 'ਤੇ ਆਰੋਪ ਲਗਾਇਆ ਗਿਆ ਕਿ 45 ਸਾਲ ਦੀ ਮਿੰਦੋ ਘਰ ਤੋਂ ਦਵਾਈ ਖਰੀਦਣ ਦੇ ਲਈ ਗਈ ਸੀ, ਇਸ ਦੌਰਾਨ ਰਸਤੇ ਵਿੱਚ ਪੁਲਿਸ ਕਰਮੀਆਂ ਵੱਲੋਂ ਉਨ੍ਹਾਂ ਨੂੰ ਬੇਵਜ੍ਹਾ ਡੰਡੇ ਮਾਰੇ ਗਏ, ਇਸੇ ਦੌਰਾਨ ਮਹਿਲਾ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਪੁਲੀਸ ਕਰਮੀਆਂ ਦਾ ਇੱਕ ਡੰਡਾ ਉਹਦੇ ਸਿਰ 'ਤੇ ਵੱਜਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਿੰਦੋ ਦੀ ਧੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਵਿੱਚ ਵੜ ਕੇ ਉਨ੍ਹਾਂ ਨੂੰ ਵੀ ਲਾਠੀਆਂ ਮਾਰੀਆਂ ਗਈਆਂ। ਉਨ੍ਹਾਂ ਨੇ ਇਹ ਵੀ ਆਰੋਪ ਲਗਾਏ ਕਿ ਪੁਲਿਸ ਵੱਲੋਂ ਜ਼ਬਰਦਸਤੀ ਮ੍ਰਿਤਕਾਂ ਦੀ ਦੇਹ ਨੂੰ ਕਬਜ਼ੇ ਵਿੱਚ ਲਿਆ ਗਿਆ।
ਇਹ ਵੀ ਪੜੋ: ਰਾਮੋਜੀ ਰਾਓ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਤੇਲਗੂ ਰਾਜਾਂ ਨੂੰ 20 ਕਰੋੜ ਦੀ ਮਦਦ
ਹਾਲਾਂਕਿ ਮੌਕੇ 'ਤੋਂ ਪਹੁੰਚੇ ਐੱਸਪੀ ਵਿਨੀਤ ਕੁਮਾਰ ਵੱਲੋਂ ਇਹ ਕਿਹਾ ਗਿਆ ਕਿ ਮਹਿਲਾ ਉੱਤੇ ਕੋਈ ਹਮਲਾ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਹਸਪਤਾਲ ਲੈ ਜਾ ਰਹੇ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਮਿੰਦੋ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।