ਚੰਡੀਗੜ੍ਹ: ਹੋਮ ਮਿਨਿਸਟਰੀ ਨੇ ਰਾਜ ਭਵਨ ਦੀ ਪੋਸਟ ਦੇ ਲਈ ਭੇਜੀ ਗਈ ਰਿਕਮਨਡੇਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੁਣ ਐਸਐਸਪੀ ਚੰਡੀਗੜ੍ਹ ਦੇ ਅਹੁਦੇ 'ਤੇ ਪੰਜਾਬ ਕੈਡਰ ਦੇ IPS ਵਿਵੇਕਸ਼ੀਲ ਸੋਨੀ ਨਹੀਂ ਸਗੋਂ ਮੋਹਾਲੀ ਵਿੱਚ ਤਾਇਨਾਤ ਕੁਲਦੀਪ ਸਿੰਘ ਚਾਹਲ ਦੇ ਨਾਂਅ 'ਤੇ ਆਪਣੀ ਮੰਜ਼ੂਰੀ ਦਿੰਦਿਆਂ ਹੋਇਆਂ ਆਰਡਰ ਜਾਰੀ ਕਰਨ ਦੇ ਲਈ ਫਾਈਲ ਡੀਓਪੀਟੀ (ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ) ਵਿੱਚ ਭੇਜ ਦਿੱਤੀ ਗਈ ਹੈ।
ਪੰਜਾਬ ਵਿੱਚ ਜਿਹੜੇ 3 ਆਈਪੀਐਸ ਅਫ਼ਸਰਾਂ ਦਾ ਪੈਨਲ ਆਇਆ ਸੀ, ਉਨ੍ਹਾਂ ਵਿੱਚੋਂ ਕੁਲਦੀਪ ਸਿੰਘ ਚਹਲ ਸਭ ਤੋਂ ਸੀਨੀਅਰ ਸੀ। ਜਦ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਵੇਕਸ਼ੀਲ ਸੋਨੀ ਨੂੰ ਐਸਐਸਪੀ ਤਾਇਨਾਤ ਕਰਨ ਲਈ ਆਪਣੀ ਪਹਿਲਾਂ ਤਵੱਜੋ ਦਿੱਤੀ ਸੀ। ਹਾਲਾਂਕਿ ਉਹ ਸੀਨੀਊਰਿਟੀ ਦੇ ਹਿਸਾਬ ਨਾਲ ਪੈਨਲ ਵਿੱਚ ਆਏ ਤਿੰਨ ਆਈਪੀਐਸ ਅਫ਼ਸਰਾਂ ਵਿੱਚੋਂ ਜੂਨੀਅਰ ਸਨ। ਉੱਥੇ ਹੀ ਕੁਲਦੀਪ ਸਿੰਘ ਦਾ ਚੰਡੀਗੜ੍ਹ ਨਾਲ ਕਰੀਬੀ ਰਿਸ਼ਤਾ ਰਿਹਾ ਹੈ।
ਉੁਨ੍ਹਾਂ ਨੇ ਬਤੌਰ ਏਐਸਆਈ ਚੰਡੀਗੜ੍ਹ ਪੁਲਿਸ ਫੋਰਸ ਜੁਆਇਨ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਈਪੀਐਸ ਦੀ ਪ੍ਰੀਖਿਆ ਪਾਸ ਕੀਤੀ ਤੇ ਪੰਜਾਬ ਕੈਡਰ ਵਿੱਚ ਤਾਇਨਾਤੀ ਹੋਈ। ਪੰਜਾਬ ਵਿੱਚ ਗੈਂਗਸਟਰਜ਼ ਤੇ ਸੱਟੇਬਾਜ਼ਾਂ 'ਤੇ ਨਕੇਲ ਕੱਸਣ ਵਿੱਚ ਉਨ੍ਹਾਂ ਦਾ ਖ਼ਾਸ ਯੋਗਦਾਨ ਰਿਹਾ ਹੈ। ਹਾਈਵੇ ਰਾਬਰਸ ਗੈਂਗ ਦੇ ਮੁਖੀ ਤੇ ਫਰਾਰ ਗੈਂਗਸਟਰ ਜੈਪਾਲ ਦੇ ਨਾਲ ਸ਼ੇਰਾ ਖੁੱਬਨ ਦਾ ਉਨ੍ਹਾਂ ਨੇ ਹੀ ਐਨਕਾਊਂਟਰ ਕੀਤਾ ਸੀ।
ਇਸ ਤੋਂ ਬਾਅਦ ਕੁਲਦੀਪ ਸਿੰਘ ਚਰਚਾ ਵਿੱਚ ਆ ਗਏ ਸਨ। ਇਸ ਤੋਂ ਇਲਾਵਾ ਉਹ ਜਿੱਥੇ-ਜਿੱਥੇ ਪੋਸਟੇਡ ਰਹੇ, ਗੈਂਗਸਟਰ ਤੇ ਸੱਟੇਬਾਜ਼ਾਂ 'ਤੇ ਸਖ਼ਤੀ ਕੀਤੀ। ਮੋਹਾਲੀ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੱਟਾ ਮੁਕਤ ਕੀਤਾ ਗਿਆ।
ਪੰਜਾਬ ਤੋਂ ਭੇਜੇ ਗਏ ਪੈਨਲ ਵਿੱਚ ਸਭ ਤੋਂ ਸੀਨੀਅਰ ਕੁਲਦੀਪ
ਪੰਜਾਬ ਸਰਕਾਰ ਵੱਲੋਂ ਐਸਐਸਪੀ ਮੋਰਾਲੀ ਕੁਲਦੀਪ ਸਿੰਘ ਚਾਹਲ, ਆਈਪੀਐਸ ਕੇਤਲ ਪਾਟਿਲ ਤੇ ਵਿਵੇਕਸ਼ੀਲ ਸੋਨੀ ਦਾ ਨਾਂਅ ਚੰਡੀਗੜ੍ਹ ਐੱਸਐੱਸਪੀ ਦੇ ਪੈਨਲ ਲਈ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ ਕੁਲਦੀਪ ਚਹਲ ਸਭ ਤੋਂ ਸੀਨੀਅਰ 2009 ਬੈਂਚ ਦੇ, ਕੇਤਨ ਪਾਟਿਲ 2010 ਬੈਚ ਦੇ ਤੇ ਵਿਵੇਕਸ਼ੀਲ ਸੋਨੀ 2011 ਬੈਚ ਦੇ ਆਈਪੀਐਸ ਅਫ਼ਸਰ ਹਨ। ਸਿਨਿਊਰਿਟੀ ਵਿੱਚ ਸਭ ਤੋਂ ਪਿੱਛੇ ਹੋਣ ਦੇ ਬਾਵਜੂਦ ਵੀ ਵਿਵੇਕਸ਼ੀਲ ਸੋਨੀ ਦਾ ਐਸਐਸਪੀ ਅਹੁਦੇ ਦੇ ਲਈ ਨਾਂਅ ਜਾਣਾ ਕਾਫ਼ੀ ਹੈਰਾਨੀ ਵਾਲਾ ਫੈਸਲਾ ਸੀ। ਕਿਉਂਕਿ ਲੱਗ ਰਿਹਾ ਸੀ ਕਿ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਕੁਲਦੀਪ ਚਹਲ ਨੂੰ ਹੀ ਚੰਡੀਗੜ੍ਹ ਦਾ ਅਗਲਾ ਐਸਐਸਪੀ ਬਣਾਇਆ ਜਾਵੇਗਾ।
22 ਜੁਲਾਈ ਨੂੰ ਭੇਜਿਆ ਗਿਆ ਪ੍ਰਸਤਾਵ
ਇਸ ਤੋਂ ਪਹਿਲਾਂ ਵੀਪੀ ਸਿੰਘ ਬਦਨੌਰ ਨੇ ਲੁਧਿਆਣਾ ਦੇ ਐਸਪੀ ਰੂਰਲ ਵਿਵੇਕਸ਼ੀਲ ਸੋਨੀ ਦੇ ਨਾਂਅ 'ਤੇ ਮੋਹਰ ਲਾਉਂਦਿਆਂ ਹੋਇਆਂ ਮਿਨਿਸਟਰੀ ਆਫ਼ ਹੋਮ ਅਫੇਅਰ ਨੂੰ 22 ਜੁਲਾਈ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਪੰਜਾਬ ਤੋਂ ਐਸਐਸਪੀ ਦੀ ਪੋਸਟ ਲਈ ਜਿਹੜਾ 3 ਆਈਪੀਐਸ ਅਫ਼ਸਰਾਂ ਦਾ ਪੈਨਲ ਆਇਆ ਸੀ, ਉਨ੍ਹਾਂ ਵਿੱਚੋਂ ਵਿਵੇਕਸ਼ੀਲ ਹੀ ਸਾਰਿਆਂ ਤੋਂ ਯੋਗ ਨਜ਼ਰ ਆਇਆ ਸੀ।
ਨੀਲਾਂਬਰੀ ਜਗਾਦਲੇ ਦਾ 22 ਅਗਸਤ ਨੂੰ ਖ਼ਤਮ ਹੋ ਰਿਹਾ ਕਾਰਜਕਾਲ
ਚੰਡੀਗੜ੍ਹ ਦੀ ਮੌਜੂਦਾ ਐਸਐਸਪੀ ਨੀਲਾਂਬਰੀ ਜਗਾਦਲੇ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋਣ ਜਾ ਰਿਹਾ ਹੈ। ਬਿਨਾਂ ਕਿਸੇ ਵਿਵਾਦ ਤੋਂ ਉੁਨ੍ਹਾਂ ਨੇ ਆਪਣਾ 3 ਸਾਲ ਦਾ ਕਾਰਜਕਾਲ ਬਹੁਤ ਚੰਗੇ ਢੰਗ ਨਾਲ ਖ਼ਤਮ ਕੀਤਾ।