ਚੰਡੀਗੜ੍ਹ: ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸੈਕਟਰ 5 'ਚ ਸਥਿਤ ਘਰ ਸਣੇ ਪੰਜਾਬ ਤੇ ਦਿੱਲੀ ਵਿਖੇ ਉਨ੍ਹਾਂ ਦੇ ਘਰਾਂ 'ਚ ਈਡੀ ਨੇ ਰੇਡ ਕੀਤੀ ਹੈ। ਈਡੀ ਵੱਲੋਂ ਸਵੇਰੇ 7:30 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਜਾਂਚ ਜਾਰੀ ਰਹੀ। ਸਵੇਰੇ ਰੇਡ ਦੇ ਦੌਰਾਨ ਸੁਖਪਾਲ ਖਹਿਰਾ ਦੇ ਰਿਸ਼ਤੇਦਾਰ ਤੇ ਜਸਟਿਸ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਦੋਸਤ ਵਕੀਲ ਆਰਐਸ ਬੈਂਸ ਵੀ ਉਨ੍ਹਾਂ ਦੇ ਘਰ ਪੁੱਜੇ।
ਈਡੀ ਰੇਡ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਬਿਆਨ
ਹਲਾਂਕਿ ਸੁਖਪਾਲ ਖਹਿਰਾ ਨੇ ਮਹਿਜ਼ ਇਨ੍ਹਾਂ ਹੀ ਕਿਹਾ ਕਿ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਘਰ ਰੇਡ ਹੋਈ ਹੈ। ਤਕਰੀਬਨ 3 ਘੰਟਿਆਂ ਮਗਰੋਂ ਸੁਖਪਾਲ ਖਹਿਰਾ ਮੀਡੀਆ ਦੇ ਰੂਬਰੂ ਹੋਏ। ਮੀਡੀਆ ਅੱਗੇ ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਦੇ ਸਮੇਂ ਉਨ੍ਹਾਂ ਖਿਲਾਫ ਤਕਰੀਬਨ 6 ਮਾਮਲੇ ਦਰਜ ਕੀਤੇ ਗਏ ਹਨ। ਉਸ ਵੇਲੇ ਉਹ ਵਿਰੋਧੀ ਧਿਰ ਨੇਤਾ ਸਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਣਾ ਗੁਰਜੀਤ ਦੇ ਕਹਿਣ 'ਤੇ ਉਨ੍ਹਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਪਰ ਉਹ ਖ਼ੁਦ 2 ਕਰੋੜ ਤੋਂ ਵੱਧ ਦੇ ਕਰਜ਼ਦਾਰ ਹਨ। ਉਹ ਹਰ ਸਾਲ 21 ਤੋਂ 22 ਲੱਖ ਰੁਪਏ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਕੋਲੋਂ ਲੈ ਕੇ ਭਰਦੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਈਡੀ ਦੀ ਜਾਂਚ 'ਚ ਪੂਰਾ ਸਹਿਯੋਗ ਦੇ ਰਹੇ ਹਨ। ਹਲਾਂਕਿ ਖਹਿਰਾ ਦਾ ਫੋਨ ਕਬਜ਼ੇ 'ਚ ਲੈ ਕੇ ਈਡੀ ਅਧਿਕਾਰੀ ਦੇਰ ਸ਼ਾਮ ਤੱਕ ਜਾਂਚ ਕਰਦੇ ਰਹੇ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਕਿਸਾਨ ਅੰਦੋਲਨ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ 'ਚ ਵਿਸ਼ੇਸ਼ ਰੈਫਰੈਂਡਮ ਲਿਆਉਣੇ ਚਾਹੀਦੇ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਖਹਿਰਾ ਨੇ ਬਣਾਈ ਪੰਜਾਬ ਏਕਤਾ ਪਾਰਟੀ
ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਸਿੰਘ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਕੋਲੋਂ ਨਸ਼ੇ ਦੇ ਮਾਮਲੇ 'ਚ ਮੁਆਫੀ ਮੰਗਣ ਤੋਂ ਨਾਰਾਜ਼ ਸਨ। ਇਸ ਦੇ ਚਲਦੇ ਉਨ੍ਹਾਂ ਨੇ ਜਨਵਰੀ 2019 'ਚ ਆਮ ਆਦਮੀ ਪਾਰਟੀ ਤੋਂ ਅਲਗ ਹੋ ਕੇ ਪੰਜਾਬ ਏਕਤਾ ਪਾਰਟੀ ਬਣਾ ਲਈ।
ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਖਹਿਰਾ
11 ਮਾਰਚ 2017 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣਨ ਮਗਰੋਂ 20 ਜੁਲਾਈ 2017 ਨੂੰ ਸੁਖਪਾਲ ਖਹਿਰਾ ਨੂੰ ਵਿਰੋਧ ਧਿਰ ਦੇ ਨੇਤਾ ਬਣਾਇਆ ਗਿਆ ਸੀ। 26 ਜੁਲਾਈ 2018 ਨੂੰ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ 3 ਨਵੰਬਰ 2018 ਨੂੰ ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਮੁਅੱਤਲ ਕਰ ਦਿੱਤਾ। ਉਥੇ ਹੀ ਖਹਿਰਾ ਨੇ 6 ਜਨਵਰੀ 2019 ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ 7 ਜਨਵਰੀ 2019 ਨੂੰ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਫ਼ਰੀਦਕੋਟ ਦੇ ਪਿੱਪਲੀ 'ਚ ਗੈਸ ਸਿਲੰਡਰਾਂ ਨੂੰ ਲੈ ਕੇ ਹੋਇਆ ਹੰਗਾਮਾ