ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਨੂੰ ਲੈਕੇ ਨਿਸ਼ਾਨੇ ਸਾਧੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ‘ਤੇ ਹਰ ਪਰਿਵਾਰ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਾਣਦੇ ਹਨ ਕਿ ਉਨ੍ਹਾਂ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਇਸ ਵਾਰ ਦਿੱਲੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਪੱਕੀ ਹੈ। ਇਸੇ ਕਰਕੇ ਉਹ ਆਪਣਾ ਅਧਾਰ ਬਚਾਉਣ ਲਈ ਦੂਜੇ ਸੂਬਿਆਂ ਵੱਲ ਮੂੰਹ ਕਰ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਥੇ ਵੀ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨI ਸ਼ਰਮਾ ਨੇ ਕਿਹਾ ਕੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ, ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਝੂਠੇ ਵਾਅਦੇ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਲੀਆਂ ਅੱਖਾਂ ਨਾਲ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ‘ਬਿਜਲੀ ਹਾਫ਼-ਪਾਣੀ ਮਆਫ਼’ ਦਾ ਵਾਅਦਾ ਕੀਤਾ ਸੀ, ਪਰ ਦਿੱਲੀ ਸਰਕਾਰ ਪਟੇਲ ਨਗਰ ਵਿੱਚ ਨਹਿਰੂ ਨਗਰ ਦੇ ਘਰਾਂ ਨੂੰ 20,000 ਰੁਪਏ ਤੋਂ 25,000 ਰੁਪਏ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਭੇਜ ਰਹੀ ਹੈ। ਇੰਨਾ ਹੀ ਨਹੀਂ ਦਿੱਲੀ ਸਰਕਾਰ ਨੇ ਹਰ ਘਰ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ, ਪਰ ਦਿੱਲੀ ਸਰਕਾਰ ਉੱਥੋਂ ਦੇ ਲੋਕਾਂ ਨੂੰ 25,000 ਤੋਂ ਲੈ ਕੇ 2,00,000 ਰੁਪਏ ਤੱਕ ਦੇ ਪਾਣੀ ਦੇ ਬਿੱਲ ਭੇਜ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਬੁਰਾ ਹਾਲ ਹੈ ਅਤੇ ਕੇਜਰੀਵਾਲ ਉਨ੍ਹਾਂ ਨੂੰ ਛੱਡ ਕੇ ਹੁਣ ਪੰਜਾਬ 'ਚ ਵੀ ਉਹੀ ਚੋਣ ਵਾਅਦਿਆਂ ਦੀ ਬਾਰਿਸ਼ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਉਹ ਕੇਜਰੀਵਾਲ ਦੇ ਝੂਠਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਉਸਨੂੰ ਕਦੇ ਵੀ ਪੰਜਾਬ ਦੀ ਸੱਤਾ ਵਿੱਚ ਦਾਖਲ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ:'ਆਪ' ਦਾ ਮਿਸ਼ਨ 2017 V/s 2022, ਹਾਰ ਤੋਂ ਬਾਅਦ ਕਿੰਨੇ ਬਦਲੇ ਹਲਾਤ ?