ਚੰਡੀਗੜ੍ਹ : ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ਮੌਕੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤੇ ਨਸ਼ੇ ਖਾਸ ਤੌਰ ਉਤੇ ਅਫਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਾਇਆ ਪਾਕਿਸਤਾਨ, ਗੁਆਂਢੀ ਸੂਬੇ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਇੱਥੋਂ ਤੱਕ ਕਿ ਨੇਪਾਲ ਤੋਂ ਹੁੰਦੀ ਹੈ। ਉਨ੍ਹਾਂ ਨੇ ਇਸ ਕਦਮ ਨੂੰ ਪੰਜਾਬ ਦੀ ਜਵਾਨੀ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਤੋਂ ਦੂਰ ਕਰਨ ਲਈ ਪਾਕਿਸਤਾਨ ਦੀ ਸਾਜਿਸ਼ ਦੱਸਿਆ। ਉਨ੍ਹਾਂ ਨੇ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਐਸ.ਟੀ.ਐਫ., ਪੁਲਿਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਨਸ਼ਾਖੋਰੀ ਨੂੰ ਆਲਮੀ ਸਮੱਸਿਆ ਕਰਾਰ ਦਿੱਤਾ
ਇਸ ਅਲਾਮਤ ਖਿਲਾਫ਼ ਲੜਾਈ ਵਿਚ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਆਲਮੀ ਸਮੱਸਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ-ਤਰੀਕਾ ਲਾਗੂ ਕਰਨ ਵਾਸਤੇ ਰਜਾਮੰਦ ਹੋਏ ਸਨ ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ।
'ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਰਿਮਆਨ ਮਜ਼ਬੂਤ ਗੱਠਜੋੜ'
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਪ੍ਰਤੀ ਕਿਸੇ ਕਿਸਮ ਦਾ ਲਿਹਾਜ਼ ਨਹੀਂ ਵਰਤੇਗੀ। ਉਨ੍ਹਾਂ ਨੇ ਇਸ ਸਮੱਸਿਆ ਦਾ ਕਾਰਨ ਸੂਬੇ ਵਿਚ ਨਾਰਕੋ-ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਦੇ ਨਾਲ-ਨਾਲ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਰਿਮਆਨ ਮਜ਼ਬੂਤ ਗੱਠਜੋੜ ਦੱਸਿਆ। ਉਨ੍ਹਾਂ ਨੇ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਪੰਜਾਬ ਨੂੰ ਭੇਜੀ ਜਾਣ 700 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜੰਮੂ ਕਸ਼ਮੀਰ ਵਿਚ ਉੜੀ ਸੈਕਟਰ ਰਾਹੀਂ ਪਾਕਿਸਤਾਨ ਵੱਲੋਂ ਖਤਰਨਾਕ ਹਥਿਆਰ ਭੇਜੇ ਗਏ।
ਨਸ਼ੇ ਕਾਰਨ ਪੰਜਾਬੀਆਂ ਦੇ ਅਕਸ ਨੂੰ ਵੀ ਸੱਟ ਵੱਜੀ
ਹਾਲ ਹੀ ਵਿੱਚ ਕੈਨੇਡਾ ਵਿੱਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ ਦੀ ਘਟਨਾ ਉਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਜੁਰਮ ਵਿਚ ਕੁਝ ਪੰਜਾਬੀ ਨੌਜਵਾਨਾਂ ਦੀ ਵੀ ਸ਼ਮੂਲੀਅਤ ਪਾਈ ਗਈ ਹੈ ਜਿਸ ਨਾਲ ਨਾ ਸਿਰਫ ਪੰਜਾਬ ਦੀ ਬਦਨਾਮੀ ਹੋਈ ਹੈ ਸਗੋਂ ਦੁਨੀਆ ਭਰ ਵਿਚ ਅਮਨ-ਅਮਾਨ ਨਾਲ ਰਹਿ ਰਹੇ ਪੰਜਾਬੀਆਂ ਦੇ ਅਕਸ ਨੂੰ ਵੀ ਸੱਟ ਵੱਜੀ ਹੈ।
‘ਏ’ ਕੈਟਾਗਰੀ ਦੇ ਦੋ ਗੈਂਗਸਟਰਾਂ ਨੂੰ ਸਫਲਤਾਪੂਰਵਕ ਡਿਪੋਰਟ ਕਰਵਾਇਆ
ਨਸ਼ਿਆਂ ਵਿਰੁੱਧ ਲੜਾਈ ਵਿਚ ਹੁਣ ਤੱਕ ਚੁੱਕੇ ਕਦਮਾਂ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ‘ਏ’ ਕੈਟਾਗਰੀ ਦੇ ਦੋ ਗੈਂਗਸਟਰਾਂ ਨੂੰ ਸਫਲਤਾਪੂਰਵਕ ਡਿਪੋਰਟ ਕਰਵਾਇਆ ਹੈ ਜਿਨ੍ਹਾਂ ਵਿਚ ਸਾਲ 2019 ਵਿਚ ਅਰਮੀਨੀਆ ਤੋਂ ਸੁਖਪ੍ਰੀਤ ਬੁੱਢਾ ਅਤੇ ਸਾਲ 2021 ਵਿਚ ਯੂ.ਏ.ਈ. ਤੋਂ ਸੁੱਖ ਭਿਖਾਰੀਵਾਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੌਰਵ ਪਟਿਆਲ ਨੂੰ ਅਰਮੀਨੀਆ ਤੋਂ ਡਿਪੋਰਟ ਕੀਤਾ ਜਾਣਾ ਪ੍ਰਕਿਰਿਆ ਅਧੀਨ ਹੈ ਜਦਕਿ ਰਮਨਜੀਤ ਰੋਮੀ ਜੋ ਗੈਂਗਸਟਰਾਂ ਦੇ ਇਕ ਹੈਂਡਲਰ ਹੈ, ਨੂੰ ਹਾਂਗਕਾਂਗ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸੇ ਤਰ੍ਹਾਂ ਗੈਂਗਸਟਰ ਹੈਰੀ ਚੱਠਾ ਨੂੰ ਪੁਰਤਗਾਲ ਤੋਂ ਅਤੇ ਗਗਨ ਹਠੂਰ ਨੂੰ ਆਸਟ੍ਰੇਲੀਆ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਸਕੂਲ ਦੇ ਪਾਠਕ੍ਰਮ 'ਚ ਨਸ਼ਿਆਂ ਪ੍ਰਤੀ ਜਾਗਰੂਕਤਾ ਦਾ ਵਿਸ਼ਾ ਸ਼ਾਮਲ ਕਰਨ ਦੀ ਕੀਤੀ ਅਪੀਲ
ਇਸ ਤੋਂ ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾਖੋਰੀ ਨੂੰ ਨੱਥ ਪਾਉਣ ਲਈ ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਨਸ਼ਾ ਛੱਡਣ ਦਾ ਇਲਾਜ ਲੈ ਰਹੇ ਵਿਅਕਤੀਆਂ ਨੂੰ ਹਰ ਸਾਲ 70 ਕਰੋੜ ਰੁਪਏ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਵਾਸਤੇ ਸਕੂਲ ਦੇ ਪਾਠਕ੍ਰਮ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਦਾ ਵਿਸ਼ਾ ਸ਼ਾਮਲ ਕਰਨ।
ਮੁੱਖ ਮੰਤਰੀ ਪੁਲਿਸ ਫੋਰਸ ਨੂੰ ਵਧੇਰੇ ਚੌਕਸ ਰਹਿਣ ਲਈ ਨਿਰਦੇਸ਼ ਦੇਣ : ਜਾਖੜ
ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ਤੋਂ ਪਿੱਛੇ ਹਟਣ ਦੇ ਅਮਰੀਕਾ ਦੇ ਫੈਸਲੇ ਦੇ ਮੱਦੇਨਜ਼ਰ ਪੁਲਿਸ ਫੋਰਸ ਨੂੰ ਵਧੇਰੇ ਚੌਕਸ ਰਹਿਣ ਲਈ ਨਿਰਦੇਸ਼ ਦੇਣ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਲਗਭਗ 550 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਸਾਂਝੀ ਹੋਣ ਕਰਕੇ ਇਹ ਹੈਰੋਇਨ, ਖਾਸ ਤੌਰ `ਤੇ ਅਫ਼ਗਾਨਿਸਤਾਨ ਵਿੱਚ ਪੈਦਾ ਕੀਤੀ ਗਈ, ਦੀ ਦੇਸ਼ ਭਰ ਦੇ ਹੋਰਨਾਂ ਰਾਜਾਂ ਨੂੰ ਤਸਕਰੀ ਲਈ ਆਵਾਜਾਈ ਦਾ ਮੁੱਖ ਰਸਤਾ ਬਣ ਗਿਆ ਹੈ। ਪਾਕਿਸਤਾਨ ਨੇ ਨਦੀਆਂ, ਸਰਹੱਦੀ ਵਾੜ, ਸਮੁੰਦਰੀ ਰਸਤੇ ਸਮੇਤ ਵੱਖ-ਵੱਖ ਢੰਗਾਂ ਦੀ ਵਰਤੋਂ ਕਰਦਿਆਂ ਪੰਜਾਬ ਵਿਚ ਹੈਰੋਇਨ ਦੀ ਤਸਕਰੀ ਲਈ ਸਰਹੱਦਾਂ `ਤੇ ਇਕ ਵਿਸ਼ਾਲ ਤਸਕਰੀ ਬੁਨਿਆਦੀ ਢਾਂਚਾ ਸਥਾਪਤ ਕੀਤਾ ਹੈ।
ਪੁਲਿਸ ਮੁਲਾਜ਼ਮਾਂ, ਫੌਜ ਅਤੇ ਬੀ.ਐਸ.ਐਫ. ਦੇ ਜਵਾਨਾਂ ਨੂੰ ਵੀ ਗ੍ਰਿਫ਼ਤਾਰ ਨਸ਼ਾ ਤਸਕਰੀ ਦੇ ਮਾਮਲੇ 'ਚ ਕੀਤਾ ਕਾਬੂ : ਡੀਜੀਪੀ
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਗਏ ਕੁਝ ਪੁਲਿਸ ਮੁਲਾਜ਼ਮਾਂ, ਫੌਜ ਅਤੇ ਬੀ.ਐਸ.ਐਫ. ਦੇ ਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੁਲਿਸ ਨੇ ਐਨ.ਡੀ.ਪੀ.ਐਸ. ਤਹਿਤ 233 ਕਰੋੜ ਰੁਪਏ ਦੀ ਗੈਰਕਾਨੂੰਨੀ ਜਾਇਦਾਦ ਜ਼ਬਤ ਕੀਤੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਵੱਖ-ਵੱਖ ਫਾਰਮਾ ਡਰੱਗ ਇਕਾਈਆਂ ਦਾ ਵੀ ਪਰਦਾਫਾਸ਼ ਕੀਤਾ ਸੀ ਅਤੇ ਇਨ੍ਹਾਂ ਕਾਰਵਾਈਆਂ ਵਿੱਚ ਟਰਾਮਾਡੋਲ, ਐਲਪ੍ਰੈਕਸ ਅਤੇ ਬੇਨਾਡਰਿਲ ਆਦਿ ਸਮੇਤ ਭਾਰੀ ਮਾਤਰਾ ਵਿੱਚ ਫਾਰਮਾ ਡਰੱਗਜ਼ ਵੀ ਜ਼ਬਤ ਕੀਤੀਆਂ ਗਈਆਂ ਸਨ। ਪੁਲਿਸ ਵਿਭਾਗ ਵੱਲੋਂ ਦਿੱਲੀ ਦੇ ਬਾਹਰਵਾਰ ਨਰੇਲਾ ਵਿੱਚ ਇੱਕ ਫਾਰਮਾ ਫੈਕਟਰੀ ਦਾ ਪਰਦਾਫਾਸ਼ ਵੀ ਕੀਤਾ ਗਿਆ ਸੀ ਜੋ ਪੰਜਾਬ ਸਮੇਤ 17 ਰਾਜਾਂ ਵਿੱਚ ਫਾਰਮਾ ਡਰੱਗਜ਼ ਸਪਲਾਈ ਸਪਲਾਈ ਕਰਨ ਵਿੱਚ ਸ਼ਾਮਲ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਫਾਰਮਾ ਡਰੱਗ ਫੈਕਟਰੀ ਦਾ ਵੀ ਪਰਦਾਫਾਸ਼ ਕੀਤਾ।
ਨਸ਼ੇ ਦੀ ਦਲਦਲ 'ਚੋਂ ਨਿਕਲੇ ਵਿਦਿਆਰਥੀਆਂ ਸਾਂਝੀ ਕੀਤੀ ਜਾਣਕਾਰੀ
ਇਸ ਸਮਾਗਮ ਵਿਚ ਹਿੱਸਾ ਲੈਂਦਿਆਂ ਜਲੰਧਰ ਤੋਂ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਵਜੀਤ ਕੌਰ, ਨਸ਼ਿਆਂ ਦੀ ਸਮੱਸਿਆ `ਚੋਂ ਨਿਕਲੇ ਸੰਗਰੂਰ ਦੇ ਹਰਵਿੰਦਰ ਸਿੰਘ, ਤਰਨਤਾਰਨ ਜ਼ਿਲ੍ਹੇ ਦੀ ਡੈਪੋ ਹੈੱਡਮਿਸਟ੍ਰੈੱਸ ਜੀ.ਐਚ.ਐਸ. ਪੰਜਰਜੀਤ ਕੌਰ, ਨਸ਼ਾ ਵਿਰੋਧੀ ਨਿਗਰਾਨ ਕਮੇਟੀ ਦੀ ਮੈਂਬਰ ਲੁਧਿਆਣਾ ਤੋਂ ਡਾ. ਸੁਖਪਾਲ ਕੌਰ ਅਤੇ ਸਰਕਾਰੀ ਕਾਲਜ ਮੁਹਾਲੀ ਤੋਂ ਬੀ.ਐਸਸੀ ਨਾਨ-ਮੈਡੀਕਲ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਆਪਣੀ ਜਾਣਕਾਰੀ ਅਤੇ ਤਜਰਬੇ ਸਾਂਝੇ ਕੀਤੇ।
ਇਹ ਵੀ ਪੜ੍ਹੋ : ਕੌਮਾਂਤਰੀ ਡਰੱਗਜ਼ ਵਿਰੋਧੀ ਡੇਅ : ਹਾਲੇ ਵੀ ਉਡ ਰਿਹਾ ਹੈ ਪੰਜਾਬ, ਕਾਬੂ ਤੋਂ ਬਾਹਰ !